ਇਸ ਵਾਰ ਸ਼ਾਹੀ ਪਰਿਵਾਰ ਨਾਲ ਕ੍ਰਿਸਮਸ ਮਨਾਏਗੀ ਪ੍ਰਿੰਸ ਹੈਰੀ ਦੀ ਮੰਗੇਤਰ ਮੇਘਨ ਮਾਰਕੇਲ
Monday, Dec 04, 2017 - 11:33 AM (IST)

ਬ੍ਰਿਟੇਨ(ਬਿਊਰੋ)—ਬ੍ਰਿਟੇਨ ਦੇ ਸ਼ਾਹੀ ਘਰਾਨੇ ਲਈ ਇਹ ਕ੍ਰਿਸਮਸ ਖਾਸ ਹੋਣ ਦੀ ਉਮੀਦ ਹੈ, ਕਿਉਂਕਿ ਪ੍ਰਿੰਸ ਹੈਰੀ ਦੀ ਮੰਗੇਤਰ ਮੇਘਨ ਮਾਰਕੇਲ ਮਹਾਰਾਣੀ ਐਲੀਜ਼ਾਬੇਥ ਦੂਜੀ ਨਾਲ ਇਸ ਵਾਰ ਕ੍ਰਿਸਮਸ ਵਿਚ ਸ਼ਾਮਲ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੀ ਮੰਗੇਤਰ ਨੂੰ ਸ਼ਾਹੀ ਪਰਿਵਾਰ ਨਾਲ ਕ੍ਰਿਸਮਸ ਮਨਾਉਣ ਦੀ ਆਗਿਆ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਅਮਰੀਕੀ ਅਦਾਕਾਰਾ ਮੇਘਨ ਅਤੇ ਪ੍ਰਿੰਸ ਹੈਰੀ ਮਈ 2018 ਵਿਚ ਵਿਆਹ ਰਚਾਉਣ ਵਾਲੇ ਹਨ। ਮੇਘਨ ਇਸ ਰਵਾਇਤੀ ਤਿਉਹਾਰ ਵਿਚ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸ਼ਾਮਲ ਹੋਵੇਗੀ।
ਪ੍ਰਿੰਸ ਹੈਰੀ ਨੇ ਮੰਗੀ ਆਗਿਆ
ਪੂਰੇ ਆਯੋਜਨ ਵਿਚ ਬਲੈਕ ਟਾਈ ਡਿਨਰ, ਫੁੱਲ ਇੰਗਲਿਸ਼ ਬ੍ਰੇਕਫਾਸਟ ਅਤੇ ਪੇਜੇਂਟ ਸ਼ੂਟ ਵੀ ਸ਼ਾਮਲ ਹੈ। ਕਿਹਾ ਜਾ ਰਿਹਾ ਹੈ ਕਿ ਪ੍ਰਿੰਸ ਹੈਰੀ ਨੇ ਮਹਾਰਾਣੀ ਤੋਂ ਮੇਘਨ ਨੂੰ ਇਸ ਵਿਚ ਸ਼ਾਮਲ ਹੋਣ ਦੇਣ ਦੀ ਆਗਿਆ ਮੰਗੀ ਸੀ ਅਤੇ ਆਗਿਆ ਮਿਲਣ ਤੋਂ ਬਾਅਦ ਅਦਾਕਾਰਾ ਇਸ ਪੂਰੇ ਆਯੋਜਨ ਵਿਚ ਸ਼ਾਮਲ ਹੋਵੇਗੀ। ਪਿੰ੍ਰਸ ਹੈਰੀ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਵਿਆਹ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। ਹਾਲਾਂਕਿ ਵਿਆਹ ਦੀ ਤਰੀਕ ਦੀ ਘੋਸ਼ਣਾ ਅਜੇ ਨਹੀਂ ਹੋਈ ਹੈ ਪਰ ਪੂਰਾ ਆਯੋਜਨ ਸੈਂਟ ਜੋਰਜ ਚੈਪਲ ਵਿਚ ਅਗਲੇ ਸਾਲ ਮਈ ਵਿਚ ਕੀਤਾ ਜਾਵੇਗਾ।
ਪਰਿਵਾਰ ਦੇ ਮੈਂਬਰ ਦੇ ਤੌਰ 'ਤੇ ਕੀਤਾ ਸਵੀਕਾਰ
ਸਮਾਚਾਰ ਪੱਤਰ ਮੁਤਾਬਕ ਵਿਆਹ ਤੋਂ ਪਹਿਲਾਂ ਕ੍ਰਿਸਮਸ ਵਿਚ ਸ਼ਾਮਲ ਹੋਣ ਦੀ ਆਗਿਆ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਪੂਰੇ ਸ਼ਾਹੀ ਪਰਿਵਾਰ ਨੇ ਮੇਘਨ ਨੂੰ ਆਪਣੇ ਪਰਿਵਾਰ ਦੇ ਮੈਂਬਰ ਦੇ ਤੌਰ 'ਤੇ ਸਵੀਕਾਰ ਕਰ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪ੍ਰਿੰਸ ਵਿਲੀਅਮਸ ਨਾਲ ਕੁੜਮਾਈ ਤੋਂ ਬਾਅਦ ਕੇਟ ਮਿਡੀਲਟਨ ਨੂੰ ਸ਼ਾਹੀ ਪਰਿਵਾਰ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਉਣ ਦਾ ਸੱਦਾ ਨਹੀਂ ਮਿਲਿਆ ਸੀ। ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨਾਲ ਬਰਕਸ਼ਾਇਰ ਵਿਚ ਕ੍ਰਿਸਮਸ ਮਨਾਇਆ ਸੀ।