ਇਸ ਹਫਤੇ ਪ੍ਰਧਾਨ ਮੰਤਰੀ ਟਰੂਡੋ ਕਰਨਗੇ ਸਕੂਲਾਂ ਅਤੇ ਯੂਨੀਵਰਸਿਟੀਆਂ ਦਾ ਦੌਰਾ
Tuesday, Jan 09, 2018 - 09:46 AM (IST)

ਓਟਾਵਾ- ਇਸ ਹਫਤੇ ਹੈਲੀਫੈਕਸ 'ਚ ਆਪਣੇ ਟਾਊਨ ਹਾਲ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ 6 ਥਾਂਵਾਂ 'ਤੇ ਪੜਾਅ ਕਰਨਗੇ ਤਾਂ ਉਹ ਅਰਥਚਾਰੇ ਅਤੇ ਰੋਜ਼ਗਾਰ ਵਰਗੇ ਮੁੱਦੇ ਤਰਜੀਹੀ ਤੌਰ 'ਤੇ ਚੁੱਕਣਗੇ।
ਪ੍ਰਧਾਨ ਮੰਤਰੀ ਟਰੂਡੋ ਦਾ ਪਹਿਲਾ ਪੜਾਅ ਲੋਅਰ ਸੈਕਵਿੱਲੇ, ਨੋਵਾ ਸਕੋਸ਼ੀਆ 'ਚ ਸੈਕਵਿੱਲੇ ਹਾਈ ਸਕੂਲ ਹੋਵੇਗਾ। ਟਰੂਡੋ 9 ਜਨਵਰੀ ਦਿਨ ਮੰਗਲਵਾਰ ਨੂੰ ਸ਼ਾਮ 7:00 ਵਜੇ ਇੱਥੇ ਜਾਣਗੇ। ਇਸ ਤੋਂ ਅਗਲੀ ਦੁਪਹਿਰ ਉਹ ਹੈਮਿਲਟਨ, ਓਨਟਾਰੀਓ 'ਚ ਮੈਕਮਾਸਟਰ ਯੂਨੀਵਰਸਿਟੀ ਦਾ ਦੌਰਾ ਕਰਨਗੇ। ਵੀਰਵਾਰ 11 ਜਨਵਰੀ ਨੂੰ ਟਰੂਡੋ ਲੰਡਨ, ਓਨਟਾਰੀਓ ਵਿੱਚ ਫੈਡਰਲ ਕੈਬਨਿਟ ਰਟਰੀਟ 'ਚ ਹਿੱਸਾ ਲੈਣਗੇ ਅਤੇ ਉਸੇ ਸ਼ਾਮ ਟਾਊਨ ਹਾਲ ਦਾ ਮੁਆਇਨਾ ਵੀ ਕਰਨਗੇ।
ਇਸ ਤੋਂ 1 ਹਫਤੇ ਬਾਅਦ ਟਰੂਡੋ 18 ਜਨਵਰੀ ਨੂੰ ਕਿਊਬਿਕ ਸਿਟੀ ਦਾ ਦੌਰਾ ਕਰਨਗੇ ਅਤੇ ਇਸ ਮਹੀਨੇ ਦੇ ਅਖੀਰ 'ਚ ਵਿਨੀਪੈਗ ਅਤੇ ਐਡਮੰਟਨ ਜਾਣਗੇ। ਟਰੂਡੋ ਦੇ ਬੁਲਾਰੇ ਕੈਮਰੂਨ ਅਹਿਮਦ ਨੇ ਆਖਿਆ ਕਿ ਇਸ ਦੌਰਾਨ ਕੈਨੇਡੀਅਨਾਂ ਕੋਲ ਮੌਕਾ ਹੋਵੇਗਾ ਕਿ ਉਹ ਪ੍ਰਧਾਨ ਮੰਤਰੀ ਤੋਂ ਆਪਣੇ ਸਵਾਲ ਪੁੱਛ ਸਕਣ। ਅਹਿਮਦ ਨੇ ਆਖਿਆ ਕਿ ਅਜੇ ਇਸ ਦੌਰੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, 6 'ਚੋਂ 5 ਟੂਰ ਹਾਈ ਸਕੂਲਜ਼ ਜਾਂ ਯੂਨੀਵਰਸਿਟੀਜ਼ ਦੇ ਹੋਣਗੇ ਅਤੇ ਨੌਜਵਾਨਾਂ ਨੂੰ ਇਨ੍ਹਾਂ 'ਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ ਜਾਵੇਗੀ।