ਜਹਾਜ਼ ਹਾਦਸੇ ’ਚ ਪ੍ਰਿਗੋਜ਼ਿਨ ਦੀ ਮੌਤ ਨੂੰ ਰੂਸ ਦੇ ਬਦਲੇ ਦੀ ਕਾਰਵਾਈ ਵਜੋਂ ਦੇਖਿਆ ਜਾ ਰਿਹੈ
Friday, Aug 25, 2023 - 11:57 AM (IST)
ਮਾਸਕੋ (ਭਾਸ਼ਾ)– ਵੈਗਨਰ ਦੀ ਨਿੱਜੀ ਫੌਜ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਅਤੇ ਉਸ ਦੇ ਸਮੂਹ ਦੇ ਚੋਟੀ ਦੇ ਅਫਸਰਾਂ ਦੀ ਹਵਾਈ ਹਾਦਸੇ ਵਿੱਚ ਹੋਈ ਮੌਤ ਨੂੰ ਵਿਆਪਕ ਤੌਰ ’ਤੇ ਰੂਸ ਵੱਲੋਂ ਬਦਲੇ ਅਤੇ ਕਤਲ ਦੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਦੋ ਮਹੀਨੇ ਪਹਿਲਾਂ ਪ੍ਰਿਗੋਜ਼ਿਨ ਦੀ ਬਗਾਵਤ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਾਖ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਰੂਸ ਦੀ ਨਾਗਰਿਕ ਹਵਾਬਾਜ਼ੀ ਏਜੰਸੀ ਨੇ ਕਿਹਾ ਕਿ ਪ੍ਰਿਗੋਜ਼ਿਨ ਅਤੇ ਉਨ੍ਹਾਂ ਦੀ ਫੌਜ ਦੇ 6 ਚੋਟੀ ਦੇ ਅਧਿਕਾਰੀ, ਇੱਕ ਜਹਾਜ਼ ’ਚ ਸਵਾਰ ਸਨ, ਜੋ 3 ਕਰੂ ਮੈਂਬਰਾਂ ਨਾਲ ਬੁੱਧਵਾਰ ਨੂੰ ਮਾਸਕੋ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਬਚਾਅ ਕਰਮਚਾਰੀਆਂ ਨੂੰ ਸਾਰੀਆਂ 10 ਲਾਸ਼ਾਂ ਮਿਲ ਗਈਆਂ ਹਨ। ਰੂਸੀ ਮੀਡੀਆ ਨੇ ਪ੍ਰਿਗੋਜ਼ਿਨ ਦੇ ਵੈਗਨਰ ਸਮੂਹ ਦੇ ਸੂਤਰਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ।
ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਦਾ ਲੰਬੇ ਸਮੇਂ ਤੋਂ ਮੰਨਣਾ ਸੀ ਕਿ 23-24 ਜੂਨ ਦੀ ਬਗਾਵਤ ਨੂੰ ਖ਼ਤਮ ਕਰਨ ਵਾਲੇ ਸਮਝੌਤੇ ’ਚ ਦੋਸ਼ ਵਾਪਸ ਲੈਣ ਦਾ ਵਾਅਦਾ ਕਰਨ ਦੇ ਬਾਵਜੂਦ ਪੁਤਿਨ ਪ੍ਰਿਗੋਜ਼ਿਨ ਨੂੰ ਮੁਆਫ ਨਹੀਂ ਕਰਨਗੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ, ‘‘ਮੈਨੂੰ ਸੱਚਮੁੱਚ ਨਹੀਂ ਪਤਾ ਕਿ ਕੀ ਹੋਇਆ ਪਰ ਮੈਂ ਹੈਰਾਨ ਨਹੀਂ ਹਾਂ। ਰੂਸ ਵਿੱਚ ਅਜਿਹਾ ਬਹੁਤ ਕੁਝ ਨਹੀਂ ਹੁੰਦਾ, ਜਿਸਦੇ ਪਿੱਛੇ ਪੁਤਿਨ ਨਾ ਹੋਵੇ।’’ ਪ੍ਰਿਗੋਜ਼ਿਨ ਦੇ ਸਮਰਥਕਾਂ ਨੇ ਮੈਸੇਜਿੰਗ ਐਪ ਦੇ ਵੈਗਨਰ ਸਮਰਥਕ ਚੈਨਲ ’ਤੇ ਦਾਅਵਾ ਕੀਤਾ ਕਿ ਜਹਾਜ਼ ਨੂੰ ਜਾਣਬੁੱਝ ਕੇ ਡੇਗਿਆ ਗਿਆ ਸੀ।