ਬੱਚੀ ਨੂੰ ਲੱਭਿਆ ਕੀਮਤੀ ਚੀਜ਼ਾਂ ਨਾਲ ਭਰਿਆ ਬੈਗ, ਪਹੁੰਚਾਇਆ ਅਸਲ ਮਾਲਕ ਤੱਕ

08/22/2017 5:56:59 PM

ਬੈਂਕਾਕ— ਆਮ ਤੌਰ 'ਤੇ ਜੇ ਕਿਸੇ ਇਨਸਾਨ ਨੂੰ ਅਚਾਨਕ ਕੋਈ ਬਹੁਮੁੱਲੀ ਚੀਜ਼ ਮਿਲਦੀ ਹੈ ਤਾਂ ਉਹ ਲਾਲਚ ਵਿਚ ਆ ਜਾਂਦਾ ਹੈ ਅਤੇ ਉਸ ਚੀਜ਼ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਪਰ ਥਾਈਲੈਂਡ ਦੇ ਫੁਕੇਟ ਦੀ ਰਹਿਣ ਵਾਲੀ 9 ਸਾਲ ਦੀ ਪਿਆਰਤ(Piyarat)ਨੇ ਮਿਲੇ ਹੋਏ ਬੈਗ ਨਾਲ ਜੋ ਕੀਤਾ, ਉਸ ਕੰਮ ਨੇ ਪਿਆਰਤ ਨੂੰ ਈਮਾਨਦਾਰੀ ਦੀ ਮਿਸਾਲ ਬਣਾ ਦਿੱਤਾ ਹੈ।
ਇਹ ਹੈ ਪੂਰਾ ਮਾਮਲਾ
ਇਕ ਵੈਬਸਾਈਟ ਮੁਤਾਬਕ ਹਾਲ ਹੀ ਵਿਚ ਕਮਲਾ ਬੀਚ ਰੋਡ 'ਤੇ  ਪਿਆਰਤ ਨਾਂ ਦੀ ਲੜਕੀ ਨੂੰ ਇਕ ਬੈਗ ਮਿਲਿਆ। ਇਸ ਬੈਗ ਵਿਚ ਤਕਰੀਬਨ 2 ਲੱਖ ਰੁਪਏ (130,000 ਥਾਈ ਬਾਟ) ਅਤੇ 90 ਗ੍ਰਾਮ ਸੋਨਾ ਸੀ। ਬਿਨਾ ਦੇਰੀ ਕੀਤੇ ਪਿਆਰਤ ਬੈਗ ਨੂੰ ਲੈ ਕੇ ਆਪਣੇ ਮਾਤਾ-ਪਿਤਾ ਕੋਲ ਪਹੁੰਚ ਗਈ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਸਾਰੀ ਗੱਲ ਸੁਣ ਕੇ ਪਿਆਰਤ ਦੇ ਮਾਤਾ-ਪਿਤਾ ਬੈਗ ਸਮੇਤ ਵਾਪਸ ਕਮਲਾ ਬੀਚ ਰੋਡ ਪਹੁੰਚੇ ਅਤੇ ਬੈਗ ਦੇ ਮਾਲਕ ਨੂੰ ਲੱਭਣ ਲੱਗੇ। ਬੈਗ ਦੇ ਮਾਲਕ ਦਾ ਕੁਝ ਵੀ ਪਤਾ ਨਹੀਂ ਸੀ ਚੱਲ ਰਿਹਾ। ਹਾਲਾਂਕਿ ਕੁਝ ਦੇਰ ਬਾਅਦ ਉਨ੍ਹਾਂ ਨੂੰ ਸਾਮਾਨ ਵੇਚਣ ਵਾਲਾ ਇਕ ਵਿਅਕਤੀ ਮਿਲਿਆ, ਜੋ ਬੈਗ ਮਾਲਕ ਨੁਖਲੀਆ(Nukhlia) ਦਾ ਰਿਸ਼ਤੇਦਾਰ ਸੀ। ਇਸ ਮਗਰੋਂ ਉਹ ਸਾਰੇ ਪੁਲਸ ਸਟੇਸ਼ਨ ਗਏ ਅਤੇ ਪੁਲਸ ਅਧਿਕਾਰੀ ਨੂੰ ਪੂਰੇ ਮਾਮਲੇ ਬਾਰੇ ਦੱਸਿਆ। ਪੁਲਸ ਅਧਿਕਾਰੀ ਨੇ ਨੁਖਲੀਆ ਨੂੰ ਬੁਲਾਇਆ ਅਤੇ ਬੈਗ ਦੀ ਪਛਾਣ ਕਰਵਾਈ। ਨਖਲੀਆ ਨੇ ਦੱਸਿਆ ਕਿ ਇਹ ਸਾਰੇ ਪੈਸੇ ਉਸ ਨੇ ਹਸਪਤਾਲ ਵਿਚ ਜਮਾਂ ਕਰਾਉਣੇ ਸੀ ਪਰ ਜਦੋਂ ਉਹ ਕਮਲਾ ਬੀਚ ਰੋਡ ਤੋਂ ਲੰਘ ਰਹੀ ਸੀ ਤਾਂ ਅਚਾਨਕ ਮੀਂਹ ਪੈਣ ਲੱਗ ਪਿਆ। ਇਸੇ ਦੌਰਾਨ ਉਸ ਦਾ ਬੈਗ ਉੱਥੇ ਛੁੱਟ ਗਿਆ। ਜਦੋਂ ਉਹ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਬੈਗ ਦੇ ਗੁੰਮ ਹੋਣ ਬਾਰੇ ਪਤਾ ਲੱਗਾ। ਬੈਗ ਵਾਪਸ ਮਿਲ ਜਾਣ ਮਗਰੋਂ ਨੁਖਲਿਆ ਨੇ ਪਿਆਰਤ ਦਾ ਧੰਨਵਾਦ ਕੀਤਾ ਅਤੇ ਇਨਾਮ ਵੱਜੋਂ 2 ਹਜ਼ਾਰ ਬਾਠ (ਥਾਈ ਕਰੰਸੀ) ਵੀ ਦਿੱਤੇ।


Related News