ਸਿੱਖਣ ਦੀ ਇੱਛਾ, ਕੰਮ ਨਾਲ ਬੇਹੱਦ ਪਿਆਰ ਅਤੇ ਜ਼ਿੱਦੀਪਨ ਨੇ ਇਸ ਮੁਕਾਮ ’ਤੇ ਪਹੁੰਚਾਇਆ : ਮਨੋਜ ਬਾਜਪੇਈ

Saturday, May 18, 2024 - 04:19 PM (IST)

ਸਿੱਖਣ ਦੀ ਇੱਛਾ, ਕੰਮ ਨਾਲ ਬੇਹੱਦ ਪਿਆਰ ਅਤੇ ਜ਼ਿੱਦੀਪਨ ਨੇ ਇਸ ਮੁਕਾਮ ’ਤੇ ਪਹੁੰਚਾਇਆ : ਮਨੋਜ ਬਾਜਪੇਈ

ਮਨੋਜ ਬਾਜਪੇਈ ਦੀ ਅਪਕਮਿੰਗ ਫਿਲਮ ‘ਭਈਆ ਜੀ’ ਦੇ ਟ੍ਰੇਲਰ ਨੂੰ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਟ੍ਰੇਲਰ ਵਿਚ ਉਨ੍ਹਾਂ ਨੂੰ ਰੋਬਿਨਹੁੱਡ ਦਾ ਵੀ ਬਾਪ ਦੱਸਿਆ ਗਿਆ ਹੈ ਅਤੇ ਦੇਸੀ ਸੁਪਰਸਟਾਰ ਦੀ ਉਪਾਧੀ ਵੀ ਦਿੱਤੀ ਗਈ ਹੈ। ਅਜਿਹੇ ਵਿਚ ਉਨ੍ਹਾਂ ਦੇ ਫੈਂਸ ਇਸ ਫਿਲਮ ਲਈ ਕਾਫੀ ਅਕਸਾਈਟਿਡ ਹੋ ਗਏ ਹਨ। 24 ਮਈ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਮਨੋਜ ਦਬੰਗ ਹੋਣ ਦੇ ਨਾਲ-ਨਾਲ ਕਾਫੀ ਖ਼ਤਰਨਾਕ ਅਤੇ ਬਿੰਦਾਸ ਲੱਗ ਰਹੇ ਹਨ। ਸਾਊਥ ਫਿਲਮ ਦੇ ਟੱਚ ਦੇ ਨਾਲ ਇਸ ਫਿਲਮ ਵਿਚ ਧਮਾਕੇਦਾਰ ਐਕਸ਼ਨ ਅਤੇ ਭਰਪੂਰ ਰੋਮਾਂਚ ਨਜ਼ਰ ਆ ਰਿਹਾ ਹੈ। ‘ਭਈਆ ਜੀ’ ਦੇ ਬਾਰੇ ਵਿਚ ਮਨੋਜ ਬਾਜਪੇਈ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼.....

30 ਸਾਲ ਦੇ ਕਰੀਅਰ ਵਿਚ ਇਹ ਤੁਹਾਡੀ 100ਵੀਂ ਫਿਲਮ ਹੈ, ਤਾਂ ਕਿਵੇਂ ਦੀ ਫੀਲਿੰਗ ਆ ਰਹੀ ਹੈ?
ਜ਼ਾਹਿਰ ਜਿਹੀ ਗੱਲ ਹੈ ਕਿ ਚੰਗਾ ਲੱਗ ਰਿਹਾ ਹੈ। ਇੰਨੇ ਸਾਲ ਮੈਂ ਅਜਿਹੀ ਇੰਡਸਟਰੀ ਵਿਚ ਗੁਜ਼ਾਰੇ ਜੋ ਕਾਫੀ ਮੁਸ਼ਕਲ ਇੰਡਸਟਰੀ ਹੈ। ਸੁਪਨਾ ਤਾਂ ਇਹੀ ਸੀ ਕਿ ਐਕਟਰ ਬਣ ਕੇ ਆਪਣੇ ਜੀਵਨ ਨੂੰ ਚਲਾਉਣਾ ਹੈ। ਕਦੀ ਸਟਾਰਡਮ ਵਰਗੀਆਂ ਚੀਜ਼ਾਂ ਬਾਰੇ ਸੋਚਿਆ ਨਹੀਂ, ਇਸ ਲਈ ਥੀਏਟਰ ਵੀ ਮੈਂ ਕੀਤਾ ਨਹੀਂ। ਪਰ ਮੁੰਬਈ ਸ਼ਹਿਰ ਵਿਚ ਪਹੁੰਚਿਆ ਸੀ ਤਾਂ ਅਜਿਹਾ ਲੱਗਾ ਸੀ ਕਿ ਯਾਰ ਇੱਥੇ 10 ਦਿਨ ਵੀ ਕਰ ਲਵਾਂ ਤਾਂ ਬਹੁਤ ਜ਼ਿਆਦਾ ਹੋਵੇਗਾ ਅਤੇ ਅੱਜ ਇੰਨੇ ਸਾਲ ਹੋ ਗਏ।

ਦਰਮਿਆਨ ’ਚ ਕਈ ਵਾਰ ਚੀਜ਼ਾਂ ਬੜੀਆਂ ਅੌਖੀਆਂ ਲੱਗੀਆਂ ਅਤੇ ਅਜਿਹਾ ਲੱਗਾ ਕਿ ਸਭ ਕੁਝ ਇੱਥੇ ਹੀ ਖ਼ਤਮ ਹੋਣ ਵਾਲਾ ਹੈ। ਫਿਰ ਵੀ 30 ਸਾਲ ਹੋ ਗਏ ਤਾਂ ਇਹ ਆਪਣੇ ਆਪ ਵਿਚ ਹੀ ਇਕ ਅਚੰਭਾ ਹੈ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੇਰੀ ਯਾਤਰਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ, ਕਿਉਂਕਿ ਛੋਟੇ ਪਿੰਡ ਤੋਂ ਨਿਕਲਿਆ ਇਕ ਕਿਸਾਨ ਦਾ ਬੇਟਾ ਜਿਸ ਨੇ ਕਦੇ ਵੱਡਾ ਸ਼ਹਿਰ ਨਹੀਂ ਦੇਖਿਆ ਸੀ ਅਤੇ ਅਚਾਨਕ ਤੁਸੀਂ 18 ਸਾਲ ਦੀ ਉਮਰ ਵਿਚ ਦਿੱਲੀ ਆ ਜਾਂਦੇ ਹੋ। ਅਜਿਹੇ ਸਮੇਂ ਵਿਚ ਜਦੋਂ ਆਵਾਜਾਈ ਵਗੈਰਾ ਜ਼ਿਆਦਾ ਫੈਲੀ ਹੋਈ ਨਹੀਂ ਸੀ ਅਤੇ ਸੜਕਾਂ ਵੀ ਕੁਝ ਕਮਾਲ ਨਹੀਂ ਸਨ।

ਫਿਰ ਹੋਰਡਿੰਗ ਦੇਖ ਕੇ ਅਜਿਹਾ ਬੋਲਣਾ ਕਿ ਕੁਝ ਸਾਲ ਬਾਅਦ ਮੇਰਾ ਵੀ ਪੋਸਟਰ ਇੱਥੇ ਹੋਵੇਗਾ?
ਜਦੋਂ ਤੁਸੀਂ ਛੋਟੇ ਹੁੰਦੇ ਹੋ ਤਾਂ ਤੁਹਾਡੇ ਅੰਦਰ ਬੜੀ ਐਨਰਜੀ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਦਲੇਰੀ ਹੁੰਦਾ ਹੈ ਕਿਉਂਕਿ ਤੁਹਾਡੇ ਕੋਲ ਉਮਰ ਹੁੰਦੀ ਹੈ, ਪਰ ਜਦੋਂ ਮੈਂ ਦਿੱਲੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਲੱਗਾ ਕਿ ਕਿੰਨੀਆਂ ਚੀਜ਼ਾਂ ਸਿੱਖਣੀਆਂ ਹਨ। ਮੈਂ ਆਪਣੇ ਮਨ ਵਿਚ ਸੋਚ ਤਾਂ ਲਿਆ ਸੀ ਕਿ ਹੋਰਡਿੰਗ ’ਤੇ ਮੇਰੀ ਫੋਟੋ ਹੋਵੇਗੀ ਪਰ ਉੱਥੇ ਤੱਕ ਪਹੁੰਚਣ ਲਈ ਤੁਹਾਨੂੰ ਬੜੀ ਸਖਤ ਮਿਹਨਤ ਕਰਨੀ ਪਵੇਗੀ ਕਿਉਂਕਿ ਤੁਹਾਨੂੰ ਆਪਣੀ ਅੰਗਰੇਜ਼ੀ ਅਤੇ ਉਰਦੂ ਠੀਕ ਕਰਨਾ ਪਵੇਗਾ। ਤੁਸੀਂ ਨਾਟਕ ਕਰਨੇ ਹਨ ਅਤੇ ਅਦਾਕਾਰੀ ਸਿੱਖਣੀ ਹੈ। ਜੋ ਅਦਾਕਾਰੀ ਤੁਸੀਂ ਸੋਚ ਰਹੇ ਸੀ ਓਹੀ ਅਦਾਕਾਰੀ ਨਹੀਂ ਹੈ। ਅਦਾਕਾਰੀ ਇਕ ਅਥਾਹ ਸਮੁੰਦਰ ਹੈ। ਪਰ ਹਾਂ ਇਕ ਚੀਜ਼ ਹੈ ਕਿ ਜਦੋਂ ਮੈਂ ਕੰਮ ਸਿੱਖਣ ਵਿਚ ਲੱਗਿਆ ਤਾਂ ਮੈਨੂੰ 10 ਸਾਲ ਲੱਗੇ ਅਤੇ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਹਰ ਫਿਲਮ ਦੇ ਨਾਲ ਮੇਰੀ ਚੁਣੌਤੀਆਂ ਘੱਟ ਨਹੀਂ ਹੋਈਆਂ ਉਹ ਵੱਧਦੀਆਂ ਹੀ ਜਾ ਰਹੀਆਂ ਹਨ।

ਇਸ ਦੇ ਲਈ ਤੁਸੀਂ ਕਿਹੜੀਆਂ ਤਿੰਨ ਚੀਜ਼ਾਂ ਨੂੰ ਸਿਹਰਾ ਦੇਣਾ ਚਾਹੋਗੇ।
ਪਹਿਲੀ ਸਿੱਖਣ ਦੀ ਇੱਛਾ ਹਮੇਸ਼ਾ ਰੱਖੋ। ਮੇਰੇ ਅੰਦਰ ਅਜੇ ਵੀ ਹੈ। ਦੂਜਾ ਆਪਣੇ ਕੰਮ ਨਾਲ ਬੇਹੱਦ ਪਿਆਰ। ਇੰਨਾ ਜ਼ਿਆਦਾ ਪਿਆਰ ਕਿ ਮੈਨੂੰ ਲਗਦਾ ਨਹੀਂ ਕਿ ਇਸ ਤੋਂ ਵੱਧ ਪਿਆਰ ਮੈਂ ਕਿਸੇ ਵਿਅਕਤੀ ਜਾਂ ਕਿਸੇ ਚੀਜ਼ ਨਾਲ ਕੀਤਾ ਹੈ। ਮਿਹਨਤ ਕਰਨ ਦੀ ਅਥਾਹ ਊਰਜਾ ਅਤੇ ਜ਼ਿੱਦੀ ਆਦਮੀ। ਜੇਕਰ ਮੈਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਮੈਂ ਉਸ ਨੂੰ ਪਾਉਣ ਦੇ ਲਈ 15 ਸਾਲ ਵੀ ਕੋਸ਼ਿਸ਼ ਕਰਦਾ ਰਹਾਂਗਾ।

ਮਨੋਜ ਬਾਜਪਾਈ
‘ਭਈਆ ਜੀ’ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਉਸ ਵਿਚ ਤੁਹਾਡੇ ਲਈ ‘ਦੇਸੀ ਸੁਪਰਸਟਾਰ’ ਲਿਖਿਆ ਗਿਆ ਹੈ। ਇਸ ਦੇ ਪਿੱਛੇ ਦੀ ਕੀ ਕਹਾਣੀ ਹੈ?

ਅਪੂਰਵ ਸਿੰਘ ਕਾਕੀ ਜੋ ਨਿਰਦੇਸ਼ਕ ਹਨ, ਉਨ੍ਹਾਂ ਨੇ ਮੇਰੇ ਨਾਲ ‘ਸਿਰਫ ਇਕ ਬੰਦਾ ਕਾਫੀ ਹੈ’ ਕੀਤੀ ਸੀ। ਉਨ੍ਹਾਂ ਦਾ ਸੁਪਨਾ ਰਿਹਾ ਹੈ ਕਿ ਬਚਪਨ ਤੋਂ ਇਕ ਦਿਨ ਉਸ ਤਰ੍ਹਾਂ ਦੀ ਫਿਲਮ ਬਣਵਾਂਗਾ ਜਿਸ ਵਿਚ ਸਲੋਇਮੋਸ਼ਨ ਹੋਵੇਗਾ। ਹੀਰੋ ਨੂੰ ਲਾਰਜ਼ਰ ਦੈਨ ਲਾਈਫ ਦਿਖਾਵਾਂਗਾ। ਮੇਰੇ ਕੋਲ ਇਕ ਕਹਾਣੀ ਸੀ ਤਾਂ ਮੈਂ ਉਨ੍ਹਾਂ ਨੂੰ ਸੁਣਾਈ। ਇਹ ਕਹਾਣੀ ਬੜੇ ਸਾਲਾਂ ਤੋਂ ਮੇਰੇ ਦਿਮਾਗ ਵਿਚ ਸੀ। ਉਨ੍ਹਾਂ ਨੇ ਕਹਾਣੀ ਸੁਣੀ ਤਾਂ ਉਹ ਮੇਰੇ ਪਿੱਛੇ ਪੈ ਗਏ ਕਿ ਮੈਂ ਬੜੇ ਦਿਨਾਂ ਤੋਂ ਤਮਿਲ-ਤੇਲਗੂ ਵਰਗੀ ਇਕ ਫਿਲਮ ਬਣਾਉਣਾ ਚਾਹੁੰਦਾ ਹਾਂ ਅਤੇ ਇਹੀ ਉਹ ਕਹਾਣੀ ਹੈ। ਤਾਂ ਮੈਂ ਕਿਹਾ ਲੈ ਲਵੋ। ਫਿਰ ਉਹ ਬੋਲਦੇ ਹਨ ਕਿ ਤੁਹਾਨੂੰ ਹੀ ਕਰਨਾ ਹੋਵੇਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਨਹੀਂ ਕਰ ਸਕਾਂਗਾ। ਪਰ ਉਹ ਪਿੱਛੇ ਪੈ ਗਏ ਕਿ ਨਹੀਂ ਤੁਸੀਂ ਹੀ ਕਰਨਾ ਹੈ।

ਤੁਹਾਨੂੰ ਅਜਿਹਾ ਕਿਉਂ ਲੱਗ ਰਿਹਾ ਸੀ ਕਿ ਤੁਸੀਂ ਨਹੀਂ ਕਰ ਸਕੋਗੇ।
ਇਸ ਤਰ੍ਹਾਂ ਦੇ ਐਕਸ਼ਨ ਲਈ ਖਾਸ ਤਿਆਰੀ ਕਰਨੀ ਹੁੰਦੀ ਹੈ। ਮੈਂ ਉਸ ਤਰ੍ਹਾਂ ਕਦੇਂ ਟ੍ਰੇਂਡ ਨਹੀਂ ਰਿਹਾ, ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਸਭ ਦੇਖ ਲਵਾਂਗਾ। ਉਸ ਤੋਂ ਬਾਅਦ ਉਹ ਐੱਸ.ਵਿਜੇਯਨ ਨੂੰ ਲੈ ਕੇ ਆਏ। ਉਹ ਹਿੰਦੁਸਤਾਨ ਦੇ ਸਭ ਤੋਂ ਟੱਫ ਐਕਸ਼ਨ ਡਾਇਰੈਕਟਰ ਮੰਨੇ ਜਾਂਦੇ ਹਨ। ਜਦੋਂ ਉਹ ਆਏ ਤਾਂ ਉਨ੍ਹਾਂ ਨੇ ਮੇਰੀ ਅਜਿਹੀ ਰਗੜਾਈ ਕੀਤੀ ਕਿ ਮੈਂ ਕਦੇਂ ਸੋਚ ਵੀ ਨਹੀਂ ਸਕਦਾ ਸੀ। ਫਿਲਮ ਬਣ ਗਈ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਲਿਖਾਂਗਾ ਦੇਸੀ ਸੁਪਰਸਟਾਰ। ਮੈਂ ਕਿਹਾ ਕਿੱਥੇ ਤੁਸੀਂ ਇਹ ਲਿਖ ਰਹੇ ਹੋ। ਫਿਰ ਉਨ੍ਹਾਂ ਨੇ ਕਿਹਾ ਕਿ ਨਹੀਂ ਸਰ ਮੈਂ ਤਮਿਲ-ਤੇਲਗੂ ਦੀ ਤਰ੍ਹਾਂ ਚੀਜ਼ਾਂ ਨੂੰ ਵਰਤਾਂਗਾ। ਮੇਰੀ ਬਚਪਨ ਦੀ ਰੀਝ ਹੈ। ਟ੍ਰੇਲਰ ਲਾਂਚ ਦੇ ਸਮੇ ਉਨ੍ਹਾਂ ਨੇ ਪਹਿਲਾਂ ਮੈਨੂੰ ਰਫ ਵੀਡਿਓ ਭੇਜੀ। ਜਦੋਂ ਕੁਝ ਘੰਟੇ ਬਚੇ ਪੋਸਟ ਕਰਨ ਵਿਚ ਤਾਂ ਉਨ੍ਹਾਂ ਨੇ ਮੈਨੂੰ ਫਾਈਨਲ ਭੇਜੀ।

‘ਇਕ ਬੰਦਾ ਕਾਫੀ ਹੈ’ ਦੀ ਸਫ਼ਲਤਾ ਤੋਂ ਬਾਅਦ ਫਿਰ ਉਸੇ ਟੀਮ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਉਹ ਤਾਂ ਮੇਰੇ ਲੱਕੀ ਚਾਰਮ ਹੋ ਗਏ ਨਾ। ਪਰ ਜਦੋਂ ਦੂਜੀ ਫਿਲਮ ’ਤੇ ਕੰਮ ਸ਼ੁਰੂ ਹੋ ਗਿਆ ਤਾਂ ਸਾਡੇ ਕੋਲ ਪ੍ਰੋਡਿਊਸਰ ਦੇ ਤੌਰ ’ਤੇ ਓਸਵਾਲ ਜੀ ਸਨ। ਮੇਰੀ ਕੰਪਨੀ ਵੀ ਸੀ ਜੋ ਪੂਰਾ ਸੈੱਟਅਪ ਕਰ ਰਹੀ ਸੀ। ਫਿਰ ਮੇਰੀ ਵਿਨੋਦ ਜੀ ਨਾਲ ਗੱਲ ਹੋਈ। ਮੈਂ ਕਿਹਾ ਕਿ ਤੁਸੀਂ ਵੀ ਆ ਜਾਓ ਅਤੇ ਕੁਝ ਸੰਭਾਲ ਲਓ। ਤਾਂ ਇਕ ਪਰਿਵਾਰ ਦੇ ਵਾਂਗ ਅਸੀਂ ਇਕ-ਦੂਜੇ ਦੀ ਕਮਜ਼ੋਰੀ ਅਤੇ ਹਿੰਮਤ ਨੂੰ ਸਮਝਦੇ ਹਾਂ।

ਇੰਨੇ ਸਾਲਾਂ ਵਿਚ ਤੁਸੀਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਹੁਣ ਅੱਗੇ ਕੀ ਬਾਕੀ ਹੈ?
ਕੁਝ ਨਵੀਂ ਕਹਾਣੀਆਂ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਅਦਾਕਾਰੀ ਮੇਰਾ ਪੇਸ਼ਾ ਨਹੀਂ ਹੈ, ਮੇਰਾ ਪਿਆਰ ਹੈ। ਮੈਂ ਹਰ ਉਹ ਕਹਾਣੀ ਕਰਨਾ ਚਾਹੁੰਦਾ ਹਾਂ ਜਿਸ ਵਿਚ ਕੁਝ ਨਵਾਂ ਹੋਵੇ। ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ 5-6 ਪੁਲਸ ਵਾਲਿਆਂ ਦੇ ਕਿਰਦਾਰ ਕਰ ਲਏ। ਮੈਂ ਕਿਹਾ ਕਿ 10 ਹੋਰ ਕਰ ਲਵਾਂਗਾ ਕਿਉਂਕਿ ਮੈਂ ਪੁਲਸ ਨਹੀਂ ਕਿਰਦਾਰ ਨਿਭਾਉਂਦਾ ਹਾਂ। ਤਾਂ ਅਜਿਹੇ ਕਿਰਦਾਰ ਭਰੇ ਪਏ ਹਨ ਸਾਡੀ ਦੁਨੀਆ ਵਿਚ। ਇਕ ਮਨੋਜ ਬਾਜਪੇਈ ਕੀ ਹਜ਼ਾਰ ਆ ਜਾਣ ਕਿਰਦਾਰ ਹਮੇਸ਼ਾ ਜ਼ਿਆਦਾ ਰਹਿਣਗੇ, ਅਭਿਨੇਤਾ ਘੱਟ ਹੋਣਗੇ। ਅਸੀਂ ‘ਫੈਮਿਲੀ ਮੈਨ ਸੀਜ਼ਨ-3’ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਰਾਜ ਐਂਡ ਡੀਕੇ ਜੋ ਸਨ ਉਹ ਬੋਲੇ ਕਿ ਮਨੋਜ ਤੁਸੀਂ ਨਰਵਸ ਹੋ ਰਹੇ ਹੋ। ਮੈਂ ਕਿਹਾ ਕਿ ਹਾਂ ਦੋ-ਤਿੰਨ ਸਾਲ ਬਾਅਦ ਕਰ ਰਿਹਾ ਹਾਂ ਤਾਂ ਨਰਵਸ ਹੋ ਰਿਹਾ ਹਾਂ। ਤਾਂ ਉਹ ਬੋਲੇ ਕਿ ਨਹੀਂ ਤੁਸੀਂ ਨਰਵਸ ਨਹੀਂ ਹੋ ਦਿਖਾ ਰਹੇ ਹੋ। ਤਿੰਨ ਦਿਨ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੈਂ ਦਿਖਾ ਨਹੀਂ ਰਿਹਾ ਸੀ, ਸੱਚਮੁੱਚ ਨਰਵਸ ਸੀ। ਮੈਂ ਬਾਕੀਆਂ ਨਾਲੋਂ ਵੱਧ ਨਰਵਸ ਹੁੰਦਾ ਹਾਂ।


author

sunita

Content Editor

Related News