ਟਰੰਪ ਖ਼ਿਲਾਫ਼ ਹੇਠਲੇ ਸਦਨ ਵਿਚ ਮਹਾਦੋਸ਼ ਮਤਾ ਪਾਸ, ਹੁਣ ਸੈਨੇਟ ਦੇ ਹੱਥ ਡੋਰ
Thursday, Jan 14, 2021 - 09:06 AM (IST)
ਵਾਸ਼ਿੰਗਟਨ- ਡੋਨਾਲਡ ਟਰੰਪ ਦੋ ਵਾਰ ਮਹਾਦੋਸ਼ ਝੱਲਣ ਵਾਲੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਡੈਮੋਕ੍ਰੇਟਿਕ ਪਾਰਟੀ ਦੇ ਦਬਦਬੇ ਵਾਲੀ ਪ੍ਰਤੀਨਿਧੀ ਸਭਾ ਨੇ ਬੁੱਧਵਾਰ ਦੇਰ ਰਾਤ ਕੈਪੀਟਲ ਇਮਾਰਤ ਵਿਚ ਹਿੰਸਾ ਮਾਮਲੇ ਵਿਚ ਟਰੰਪ ਖ਼ਿਲਾਫ਼ ਮਹਾਦੋਸ਼ ਤਜਵੀਜ਼ 'ਤੇ ਆਪਣੀ ਮੋਹਰ ਲਾ ਦਿੱਤੀ ਹੈ। ਹਾਊਸ ਆਫ਼ ਰੀਪ੍ਰੈਂਜ਼ੇਟੇਟਿਵ ਵਿਚ ਵੋਟਿੰਗ ਦੌਰਾਨ ਟਰੰਪ ਦੇ ਮਹਾਦੋਸ਼ ਤਜਵੀਜ਼ ਦੇ ਪੱਖ ਵਿਚ 232 ਅਤੇ ਵਿਰੋਧ ਵਿਚ 197 ਵੋਟਾਂ ਪਈਆਂ। ਤਜਵੀਜ਼ ਦੇ ਪੱਖ ਵਿਚ ਵੋਟ ਪਾਉਣ ਵਾਲਿਆਂ ਵਿਚ 222 ਡੈਮੋਕ੍ਰੇਟ ਸੰਸਦ ਮੈਂਬਰ ਸਨ, ਜਦੋਂ ਕਿ 10 ਰੀਪਬਲੀਕਨ। ਮਹਾਦੋਸ਼ ਲਈ 218 ਵੋਟਾਂ ਦੀ ਲੋੜ ਹੁੰਦੀ ਹੈ।
ਇਸ ਦੇ ਨਾਲ ਹੀ ਅਮਰੀਕਾ ਵਿਚ ਰਾਜਨੀਤਿਕ ਸੰਕਟ ਹੋਰ ਵੱਧ ਗਿਆ ਹੈ। ਸਭ ਦੀਆਂ ਨਜ਼ਰਾਂ ਹੁਣ ਸੈਨੇਟ (ਉੱਪਰਲੇ ਸਦਨ) ‘ਤੇ ਹਨ। ਜੇ ਸੈਨੇਟ ਵਿਚ ਵੀ ਮਹਾਦੋਸ਼ ਮਤਾ ਪਾਸ ਹੋ ਗਿਆ ਤਾਂ ਡੋਨਾਲਡ ਟਰੰਪ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਰਾਸ਼ਟਰਪਤੀ ਦਾ ਅਹੁਦਾ ਛੱਡਣਾ ਪਵੇਗਾ।
ਇਹ ਵੀ ਪੜ੍ਹੋ- ਇਟਲੀ ਦੀ ਕੌਂਤੇ ਸਰਕਾਰ ਰਾਜਸੀ ਸੰਕਟ 'ਚ, ਕਦੇ ਵੀ ਡਿੱਗ ਸਕਦੀ ਹੈ ਸਰਕਾਰ
ਸੈਨੇਟ ਵਿਚ ਵੀ ਮਹਾਦੋਸ਼ ਪਾਸ ਕਰਨ ਲਈ ਸੈਨੇਟ ਮੈਂਬਰਾਂ ਦੀਆਂ ਦੋ ਤਿਹਾਈ ਵੋਟਾਂ ਦੀ ਜ਼ਰੂਰਤ ਹੋਵੇਗੀ। ਹਾਲਾਂਕਿ, ਸੈਨੇਟ ਵਿਚ ਰੀਪਬਲੀਕਨ ਨੇਤਾਵਾਂ ਕੋਲ 50 ਦੇ ਮੁਕਾਬਲੇ 51 ਦਾ ਮਾਮੂਲੀ ਬਹੁਮਤ ਹੈ। ਪ੍ਰਸਤਾਵ ਨੂੰ ਪਾਸ ਕਰਨਾ ਥੋੜਾ ਮੁਸ਼ਕਲ ਲੱਗਦਾ ਹੈ ਪਰ ਇਹ ਵੀ ਭੁੱਲਣਾ ਨਹੀਂ ਚਾਹੀਦਾ ਕਿ ਬਹੁਤ ਸਾਰੇ ਰੀਪਬਲਿਕਨ ਵੀ ਟਰੰਪ ਦੇ ਵਿਰੁੱਧ ਹਨ।
ਦੱਸ ਦਈਏ ਕਿ ਟਰੰਪ 'ਤੇ 2019 ਵਿਚ ਵੀ ਮਹਾਦੋਸ਼ ਚੱਲਿਆ ਸੀ। ਹਾਲਾਂਕਿ ਫਰਵਰੀ 2020 ਵਿਚ ਰੀਪਬਲਿਕਨ ਦੇ ਬਹੁਮਤ ਵਾਲੇ ਸੈਨੇਟ ਨੇ ਇਸ ਨੂੰ 52-48 ਦੇ ਫਰਕ ਨਾਲ ਖਾਰਜ ਕਰ ਦਿੱਤਾ ਸੀ। ਟਰੰਪ ਮਹਾਦੋਸ਼ ਦਾ ਦੋਸ਼ ਲੱਗਣ ਦੇ ਬਾਵਜੂਦ ਰਾਸ਼ਟਰਪਤੀ ਚੋਣ ਲੜਨ ਵਾਲੇ ਪਹਿਲੇ ਵਿਅਕਤੀ ਹਨ।
► ਕੀ ਸੈਨੇਟ ਵਿਚ ਵੀ ਟਰੰਪ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਪਾਸ ਹੋਵੇਗਾ? ਕੁਮੈਂਟ ਬਾਕਸ ਵਿਚ ਦਿਓ ਰਾਇ