ਪਾਕਿਸਤਾਨ ’ਚ ਅਮਰੀਕੀ ਫ਼ੌਜੀਆਂ ਦੀ ਮੌਜੂਦਗੀ ਅਸਥਾਈ: ਸ਼ੇਖ ਰਾਸ਼ਿਦ
Tuesday, Aug 31, 2021 - 03:41 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਨੇ ਮੰਗਲਵਾਰ ਨੂੰ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਅਮਰੀਕੀ ਫ਼ੌਜੀਆਂ ਨੂੰ ਇਸਲਾਮਾਬਾਦ ਵਿਚ ਲੰਬੇ ਸਮੇਂ ਤੱਕ ਮੌਜੂਦ ਰਹਿਣ ਦੀ ਇਜਾਜ਼ਤ ਦੇਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਦੇਸ਼ ਵਿਚ ਸੀਮਤ ਮਿਆਦ ਤੱਕ ਹੀ ਰਹਿਣਗੇ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਸਲਾਮਾਬਾਦ ਹਵਾਈ ਅੱਡੇ ’ਤੇ ਅਮਰੀਕੀ ਫੌਜੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਆਉਣ ਦੇ ਬਾਅਦ ਇਹ ਪ੍ਰਤੀਕਿਰਿਆ ਦਿੱਤੀ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਦੇ ਬਾਅਦ ਪਾਕਿਸਤਾਨ ਵਿਚ ਅਮਰੀਕੀ ਫ਼ੌਜੀਆਂ ਦੀ ਲੰਬੇ ਸਮੇਂ ਤੱਕ ਮੌਜੂਦਗੀ ਦੀ ਸੰਭਾਵਨਾ ਨੂੰ ਲੈ ਕੇ ਅਟਕਲਾਂ ਲਗਾਈਆਂ ਜਾਣ ਲੱਗੀਆਂ ਹਨ। ਮੰਤਰੀ ਨੇ ‘ਡੋਨ’ ਸਮਾਚਾਰ ਪੱਤਰ ਨੂੰ ਕਿਹਾ ਕਿ ਅਫ਼ਗਾਨਿਸਤਾਨ ਤੋਂ ਨਿਕਾਸੀ ਦੇ ਬਾਅਦ ਵਿਦੇਸ਼ੀ ਪਾਕਸਿਤਾਨ ਆਏ ਹਨ। ਉਨ੍ਹਾਂ ਦਾ ਪ੍ਰਵਾਸ ਸੀਮਤ ਮਿਆਦ ਲਈ ਹੋਵੇਗਾ ਅਤੇ ਉਨ੍ਹਾਂ ਨੂੰ 21 ਤੋਂ 30 ਦਿਨਾਂ ਤੱਕ ਦਾ ਟ੍ਰਾਂਜ਼ਿਟ ਵੀਜ਼ਾ ਜਾਰੀ ਕੀਤਾ ਗਿਆ ਹੈ।
ਖ਼ਬਰ ਮੁਤਾਬਕ ਉਨ੍ਹਾਂ ਨੇ ‘ਮੁਸ਼ੱਰਫ ਦੌਰ’ ਦੀ ਵਾਪਸੀ ਦੀਆਂ ਅਟਕਲਾਂ ਨੂੰ ਰੱਦ ਕੀਤਾ ਅਤੇ ਜਮਾਇਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜਲੁਰ ਰਹਿਮਾਨ ਦੀ, ਉਨ੍ਹਾਂ ਦੇ ਇਸ ਦਾਅਵੇ ਲਈ ਆਲੋਚਨਾ ਕੀਤੀ ਕਿ ਸਰਕਾਰ ਸੰਘੀ ਰਾਜਧਾਨੀ ਵਿਚ ਅਮਰੀਕੀਆਂ ਲਈ ਹੋਟਲ ਬੁੱਕ ਕਰ ਰਹੀ ਹੈ। ਅਹਿਮਦ ਨੇ ਦੱਸਿਆ ਕਿ ਤੋਰਖਾਮ ਸਰਹੱਦ ਤੋਂ ਕਰੀਬ 2192 ਲੋਕ ਪਾਕਿਸਤਾਨ ਆਏ ਹਨ, ਜਦੋਂਕਿ 1627 ਲੋਕ ਜਹਾਜ਼ਾਂ ਤੋਂ ਇਸਲਾਮਾਬਾਦ ਪੁੱਜੇ। ਇਨ੍ਹਾਂ ਦੇ ਇਲਾਵਾ ਕੁੱਝ ਲੋਕ ਚਮਨ ਸਰਹੱਦ ਤੋਂ ਆਏ, ਹਾਲਾਂਕਿ ਅਜਿਹੇ ਲੋਕਾਂ ਦੀ ਸੰਖਿਆ ਬਹੁਤ ਘੱਟ ਹੈ। ਚਮਨ ਸਰਹੱਦ ਤੋਂ ਕਈ ਲੋਕ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਰੋਜ਼ਾਨਾ ਆਉਂਦੇ-ਜਾਂਦੇ ਹਨ। ਅਹਿਮਦ ਨੇ ਦੱਸਿਆ ਕਿ ਕਈ ਅਫ਼ਗਾਨ ਨਾਗਰਿਕ ਚਮਨ ਸਰਹੱਦ ਤੋਂ ਆਏ ਅਤੇ ਪਰਤ ਵੀ ਗਏ ਅਤੇ ਇਹ ‘ਆਮ ਗੱੱਲ’ ਹੈ। ਉਨ੍ਹਾਂ ਕਿਹਾ ਕਿ ਲੱਗਭਗ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ 30-40 ਪਾਕਿਸਤਾਨੀ ਹੁਣ ਵੀ ਅਫ਼ਗਾਨਿਸਤਾਨ ਵਿਚ ਹਨ ਅਤੇ ਉਹ ਦੇਸ਼ ਆਉਣਾ ਨਹੀਂ ਚਾਹੁੰਦੇ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲੇ ਉਥੇ ਹਨ। ਮੰਤਰੀ ਨੇ ਕਿਹਾ ਕਿ ਤਾਲਿਬਾਨ ਨੇ ਪਾਕਿਸਤਾਨ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੂੰ ਪਾਕਿਸਤਾਨ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਦਾ ਸੰਚਾਲਨ ਕਰਨ ਲਈ ਅਫ਼ਗਾਨਿਸਤਾਨ ਦਾ ਇਸਤੇਮਾਲ ਨਹੀਂ ਕਰਨ ਦਿੱਤਾ ਜਾਏਗਾ।