ਪਾਕਿਸਤਾਨ ''ਚ ਤੋੜਿਆ ਗਿਆ ਹਨੂਮਾਨ ਜੀ ਦਾ ਪ੍ਰਾਚੀਨ ਮੰਦਰ, ਹਿੰਦੂ ਭਾਈਚਾਰੇ ''ਚ ਰੋਸ

08/20/2020 1:33:39 PM

ਕਰਾਚੀ- ਪਾਕਿਸਤਾਨ ਦੇ ਕਰਾਚੀ ਵਿਚ ਸਥਿਤ ਹਨੂਮਾਨ ਜੀ ਦੇ ਇਕ ਮੰਦਰ ਨੂੰ ਇਕ ਬਿਲਡਰ ਵਲੋਂ ਤੋੜ ਦਿੱਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹਿੰਦੂ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਰਿਪੋਰਟਾਂ ਮੁਤਾਬਕ ਮੰਦਰ ਦੀ ਥਾਂ 'ਤੇ ਬਿਲਡਰ ਦਾ ਇਰਾਦਾ ਇਕ ਰਿਹਾਇਸ਼ੀ ਇਮਾਰਤ ਦਾ ਨਿਰਮਾਣ ਕਰਵਾਉਣ ਦਾ ਸੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਕੰਸਟਰਕਸ਼ਨ ਸਾਈਟ ਨੂੰ ਸੀਲ ਕਰ ਦਿੱਤਾ। ਮੰਦਰ ਦੇ ਕੋਲ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬਿਲਡਰ ਨੇ ਕਿਹਾ ਸੀ ਕਿ ਮੰਦਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਪਰ ਤਾਲਾਬੰਦੀ ਦਾ ਫਾਇਦਾ ਚੁੱਕਦਿਆਂ ਉਸ ਨੇ ਮੰਦਰ ਨੂੰ ਤੋੜ ਦਿੱਤਾ। 

ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਵੰਡ ਤੋਂ ਪਹਿਲਾਂ ਦਾ ਇਹ ਮੰਦਰ ਕਰਾਚੀ ਦੇ ਲਯਾਰੀ ਵਿਚ ਫਿਦਾ ਹੁਸੈਨ ਸ਼ੇਖ ਰੋਡ 'ਤੇ ਸਥਿਤ ਸੀ। ਲਯਾਰੀ ਦੇ ਅਸਿਸਟੈਂਟ ਕਮਿਸ਼ਨਰ ਅਬਦੁਲ ਕਰੀਮ ਮੇਮਨ ਜਦ ਪੁਲਸ ਨਾਲ ਉੱਥੇ ਪੁੱਜੇ ਤਾਂ ਸਿਰਫ ਇੱਟਾਂ-ਪੱਥਰਾਂ ਦੇ ਢੇਰ ਦੇ ਇਲਾਵਾ ਕੁਝ ਹੋਰ ਨਾ ਮਿਲਿਆ । ਮੰਦਰ ਕੋਲ ਰਹਿਣ ਵਾਲੇ ਹਰੇਸ਼ ਨਾਂ ਦੇ ਇਕ ਵਿਅਕਤੀ ਨੇ ਰੋਂਦੇ ਹੋਏ ਦੱਸਿਆ ਕਿ ਤਾਲਾਬੰਦੀ ਦੌਰਾਨ ਕਿਸੇ ਨੂੰ ਵੀ ਮੰਦਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ ਅਤੇ ਇਸ ਮੌਕੇ ਦਾ ਫਾਇਦਾ ਚੁੱਕ ਕੇ ਬਿਲਡਰ ਨੇ ਉਸ ਨੇ ਮੰਦਰ ਤੋੜ ਦਿੱਤਾ। 
ਹਿੰਦੂਆਂ ਨੇ ਮੰਗ ਕੀਤੀ ਹੈ ਕਿ ਇਸ ਪ੍ਰਾਚੀਨ ਮੰਦਰ ਨੂੰ ਮੁੜ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਿਲਡਰ ਨੇ ਘੱਟ ਗਿਣਤੀ ਹਿੰਦੂਆਂ ਨੂੰ ਮੰਦਰ ਜਾਣ ਤੋਂ ਰੋਕਿਆ ਅਤੇ ਧਮਕਾਇਆ ਵੀ ਸੀ। ਫਿਲਹਾਲ ਪ੍ਰਸ਼ਾਸਨ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਰਾਚੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਕ ਕਮੇਟੀ ਬਣਾਈ ਜਾਵੇਗੀ ਜੋ ਕੁਝ ਦਿਨਾਂ ਵਿਚ ਹੀ ਇਸ ਮਾਮਲੇ ਸਬੰਧੀ ਸਾਰੀ ਜਾਣਕਾਰੀ ਇਕੱਠੀ ਕਰੇਗੀ। 


Lalita Mam

Content Editor

Related News