ਮੰਦਭਾਗੀ ਖ਼ਬਰ: ਅਮਰੀਕਾ 'ਚ ਭਾਰਤੀ ਮੂਲ ਦੇ ਪ੍ਰਵੀਨ ਪਟੇਲ ਦਾ ਗੋਲੀਆਂ ਮਾਰ ਕੇ ਕਤਲ
Wednesday, Feb 14, 2024 - 01:46 PM (IST)
ਨਿਊਯਾਰਕ (ਰਾਜ ਗੋਗਨਾ)— ਅਮਰੀਕਾ ਦੇ ਅਲਾਬਾਮਾ ਸੂਬੇ ਦੇ ਸ਼ਹਿਰ ਸ਼ੈਫੀਲਡ ਵਿੱਚ ਬੀਤੇ ਦਿਨ ਗੁਜਰਾਤੀ ਮੂਲ ਦੇ ਮੋਟਲ ਮਾਲਕ ਪ੍ਰਵੀਨ ਪਟੇਲ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ 'ਚ ਪੁਲਸ ਨੇ ਵਿਲੀਅਮ ਮੂਰ ਨਾਂ ਦੇ 34 ਸਾਲਾ ਅਮਰੀਕੀ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੈਫੀਲਡ ਪੁਲਸ ਦੇ ਅਨੁਸਾਰ, ਪ੍ਰਵੀਨ ਪਟੇਲ ਹਿਲਕ੍ਰੈਸਟ ਨਾਂ ਦੇ ਮੋਟਲ ਦਾ ਮਾਲਕ ਸੀ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਵਿਲੀਅਮ ਜੇਰੇਮੀ ਮੂਰ ਨਾਮੀਂ ਵਿਅਕਤੀ ਕਮਰਾ ਬੁੱਕ ਕਰਵਾਉਣ ਲਈ ਮੋਟਲ ਦੇ ਮਾਲਕ ਪ੍ਰਵੀਨ ਪਟੇਲ ਕੋਲ ਆਇਆ ਸੀ ਅਤੇ ਉਦੋਂ ਹੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਮਗਰੋਂ ਉਸ ਨੇ ਪ੍ਰਵੀਨ ਪਟੇਲ ਨੂੰ ਗੋਲੀਆਂ ਮਾਰ ਦਿੱਤੀਆਂ। ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ ਸੀ ਅਤੇ ਇੱਕ ਘੰਟੇ ਦੇ ਅੰਦਰ ਹੀ ਪੁਲਸ ਨੇ ਕਾਤਲ ਵਿਲੀਅਮ ਜੇਰੇਮੀ ਮੂਰ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਰਿਵਾਲਵਰ ਨਾਲ ਪ੍ਰਵੀਨ ਪਟੇਲ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਉਹ ਵੀ ਉਸ ਕੋਲੋਂ ਬਰਾਮਦ ਕਰ ਲਈ ਗਈ ਹੈ।
ਪੁਲਸ ਮੁਤਾਬਕ ਪ੍ਰਵੀਨ ਪਟੇਲ 'ਤੇ ਤਿੰਨ ਰਾਉਂਡ ਫਾਇਰ ਕੀਤੇ ਗਏ ਅਤੇ ਉਹ ਆਪਣੇ ਮੋਟਲ ਦੇ ਰਿਸੈਪਸ਼ਨ ਵਾਲੇ ਖੇਤਰ 'ਚ ਡਿੱਗ ਗਿਆ। 76 ਸਾਲਾ ਪ੍ਰਵੀਨ ਪਟੇਲ ਦਾ ਪਿਛੋਕੜ ਚਰੋਤਰ (ਗੁਜਰਾਤ) ਦੇ ਨਾਲ ਸੀ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਅਮਰੀਕਾ ਦੇ ਅਲਾਬਾਮਾ ਸੂਬੇ ਵਿੱਚ ਰਹਿ ਰਿਹਾ ਸੀ। ਪੁਲਸ ਨੇ ਇਸ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ ਕਿ ਮੋਟਲ 'ਚ ਕਮਰਾ ਲੈਣ ਆਏ ਕਾਤਲ ਨੇ ਉਸ 'ਤੇ ਗੋਲੀਆਂ ਕਿਉਂ ਚਲਾਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8