ਬਰੈਂਪਟਨ 'ਚ ਹੋ ਰਹੀਆਂ ਹਿੰਸਕ ਲੜਾਈਆਂ ਚਿੰਤਾ ਦਾ ਵਿਸ਼ਾ : MPP ਪ੍ਰਭਮੀਤ ਸਰਕਾਰੀਆ

08/20/2018 2:34:55 PM

ਓਂਟਾਰੀਓ(ਏਜੰਸੀ)— ਕੈਨੇਡਾ ਦੇ ਸੂਬੇ ਓਂਟਾਰੀਓ 'ਚ 7 ਜੂਨ ਨੂੰ ਹੋਈਆਂ ਚੋਣਾਂ 'ਚ 7 ਪੰਜਾਬੀਆਂ ਨੇ ਵੀ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ 'ਚੋਂ ਇਕ ਹਨ ਪ੍ਰਭਮੀਤ ਸਿੰਘ ਸਰਕਾਰੀਆ।  ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਓਂਟਾਰੀਓ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ 15 ਸਾਲ ਤੋਂ ਇਸ ਸੂਬੇ 'ਚ ਕਾਬਜ਼ ਲਿਬਰਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਸੀ। ਪ੍ਰਭਮੀਤ ਪੇਸ਼ੇ ਵਜੋਂ ਵਕੀਲ ਰਹੇ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵੱਲ ਉਨ੍ਹਾਂ ਦਾ ਸ਼ੁਰੂ ਤੋਂ ਹੀ ਧਿਆਨ ਰਿਹਾ ਹੈ। ਪ੍ਰਭਮੀਤ ਨੇ ਪ੍ਰੋਵੀਜ਼ਨਲ (ਸੂਬਾਈ) ਪਾਰਲੀਮੈਂਟ ਮੈਂਬਰ (ਐੱਮ.ਪੀ.ਪੀ.) ਵਜੋਂ ਕਾਰਜਕਾਲ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਬਰੈਂਪਟਨ ਅਤੇ ਟੋਰਾਂਟੋ ਦੇ ਨੌਜਵਾਨਾਂ ਵਲੋਂ ਕੀਤੀਆਂ ਜਾ ਰਹੀਆਂ ਹਿੰਸਕ ਕਾਰਵਾਈਆਂ ਕਾਰਨ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ,''ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਸਮੱਸਿਆ ਨੂੰ ਸੁਲਝਾਇਆ ਜਾ ਸਕੇ। ਸਾਡੀ ਸਰਕਾਰ ਨੇ ਖੂਨੀ ਹਿੰਸਾ ਨੂੰ ਰੋਕਣ ਲਈ 25 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਹਿੰਸਾ ਪਿੱਛੇ ਖੜ੍ਹੇ ਲੋਕਾਂ ਨੂੰ ਜੇਲਾਂ 'ਚ ਸੁੱਟਿਆ ਜਾਵੇ। ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਲੋਕਾਂ ਦੀ ਸੁਰੱਖਿਆ ਬਣੀ ਰਹੇ।''
ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁੱਝ ਸਮੇਂ ਤੋਂ ਬਰੈਂਪਟਨ 'ਚ ਨਸਲੀ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ 'ਚ ਪੰਜਾਬੀਆਂ ਦੇ ਨਾਂ ਵੀ ਸਾਹਮਣੇ ਆਏ ਸਨ।


ਪੰਜਾਬ ਨਾਲ ਹੈ ਗੂੜ੍ਹਾ ਸਬੰਧ— 
ਪ੍ਰਭਮੀਤ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਅਤੇ ਓਂਟਾਰੀਓ ਵਿਚਕਾਰ ਵਪਾਰ ਨੂੰ ਵਧਾਇਆ ਜਾਵੇ । ਤੁਹਾਨੂੰ ਦੱਸ ਦਈਏ ਕਿ ਪ੍ਰਭਮੀਤ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਨਾਲ ਸਬੰਧਤ ਹਨ ਅਤੇ ਵਿਦੇਸ਼ 'ਚ ਰਹਿਣ ਦੇ ਬਾਵਜੂਦ ਉਹ ਪੰਜਾਬ ਨਾਲ ਜੁੜੇ ਹੋਏ ਹਨ। ਉਨ੍ਹਾਂ  ਦੇ ਪਿਤਾ 1980 'ਚ ਕੈਨੇਡਾ ਆਏ ਸਨ ਅਤੇ ਉਨ੍ਹਾਂ ਨੇ ਇੱਥੇ ਟੈਕਸੀ ਚਲਾਈ ਅਤੇ ਫੈਕਟਰੀਆਂ 'ਚ ਕੰਮ ਵੀ ਕੀਤਾ। ਫਿਰ 1986 'ਚ ਉਨ੍ਹਾਂ ਨੇ ਇਕ ਹੋਟਲ ਖ੍ਰੀਦਿਆ ਅਤੇ ਕੈਨੇਡਾ 'ਚ ਹੀ ਵਿਆਹ ਕਰਵਾਇਆ। ਪ੍ਰਭਮੀਤ ਇੱਥੇ ਹੀ ਜੰਮੇ ਤੇ ਪਲੇ ਹਨ। ਪ੍ਰਭਮੀਤ ਨੇ ਦੱਸਿਆ ਕਿ ਉਹ ਸਰਦਾਰ ਹਨ ਪਰ ਕਦੇ ਕੈਨੇਡਾ 'ਚ ਉਨ੍ਹਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਹ ਇਕ ਛੋਟੇ ਜਿਹੇ ਸ਼ਹਿਰ ਓਰੰਜਵਿਲੇ ਨਾਲ ਸੰਬੰਧਤ ਹਨ, ਜਦ ਤੋਂ ਉਹ ਇੱਥੇ ਰਹਿ ਰਹੇ ਹਨ, ਉਦੋਂ ਬਹੁਤ ਘੱਟ ਭਾਰਤੀ ਪਰਿਵਾਰ ਇੱਥੇ ਰਹਿੰਦੇ ਸਨ। ਉਹ ਸਕੂਲ 'ਚ ਦਸਤਾਰ ਸਜਾ ਕੇ ਜਾਂਦੇ ਰਹੇ ਅਤੇ ਕਦੇ ਵੀ ਕਿਸੇ ਨੇ ਉਨ੍ਹਾਂ ਨਾਲ ਵਿਤਕਰਾ ਨਹੀਂ ਸੀ ਕੀਤਾ।

ਉਨ੍ਹਾਂ ਦਾ ਪਰਿਵਾਰ ਹੁਣ ਵੀ ਅੰਮ੍ਰਿਤਸਰ ਜਾਂਦਾ ਰਹਿੰਦਾ ਹੈ ਅਤੇ ਪ੍ਰਭਮੀਤ ਵੀ 2 ਸਾਲਾਂ ਬਾਅਦ ਆਪਣੇ ਘਰ ਗੇੜੀ ਮਾਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਉਹ ਅਜੇ ਤਕ ਸਮਾਂ ਨਹੀਂ ਕੱਢ ਸਕੇ ਅਤੇ ਆਸ ਹੈ ਕਿ ਇਸ ਸਾਲ ਉਹ ਅੰਮ੍ਰਿਤਸਰ ਜ਼ਰੂਰ ਜਾਣਗੇ। 


Related News