ਗਰਭਵਤੀ ਭਾਰਤੀ ਸੈਲਾਨੀ ਦੀ ਮੌਤ ਤੋਂ ਬਾਅਦ ਪੁਰਤਗਾਲ ਦੀ ਸਿਹਤ ਮੰਤਰੀ ਨੇ ਦਿੱਤਾ ਅਸਤੀਫ਼ਾ

Thursday, Sep 01, 2022 - 11:21 AM (IST)

ਗਰਭਵਤੀ ਭਾਰਤੀ ਸੈਲਾਨੀ ਦੀ ਮੌਤ ਤੋਂ ਬਾਅਦ ਪੁਰਤਗਾਲ ਦੀ ਸਿਹਤ ਮੰਤਰੀ ਨੇ ਦਿੱਤਾ ਅਸਤੀਫ਼ਾ

ਲਿਸਬਨ (ਏਜੰਸੀ)- ਪੁਰਤਗਾਲ ਵਿੱਚ ਇੱਕ ਗਰਭਵਤੀ ਭਾਰਤੀ ਔਰਤ ਨੂੰ ਦੇਸ਼ ਦੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਵਿੱਚ ਭੇਜੇ ਜਾਣ ਅਤੇ ਇਸ ਦੌਰਾਨ ਉਸ ਦੀ ਮੌਤ ਦੀ ਦੁਖਦਾਈ ਘਟਨਾ ਤੋਂ ਬਾਅਦ ਦੇਸ਼ ਦੀ ਸਿਹਤ ਮੰਤਰੀ ਮਾਰਟਾ ਟੇਮੀਡੋ ਨੇ ਅਸਤੀਫ਼ਾ ਦੇ ਦਿੱਤਾ ਹੈ। ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਇੱਕ 34 ਸਾਲਾ ਭਾਰਤੀ ਔਰਤ ਨੂੰ ਲਿਸਬਨ ਵਿੱਚ ਐਂਬੂਲੈਂਸ ਰਾਹੀਂ ਸਾਂਤਾ ਮਾਰੀਆ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ। ਸਾਂਤਾ ਮਾਰੀਆ ਹਸਪਤਾਲ 'ਚ ਨਿਓਨੈਟਲ ਕੇਅਰ (ਨਵਜਾਤ ਦੇਖ਼ਭਾਲ ਯੂਨਿਟ) ਸੇਵਾ 'ਚ ਜਗ੍ਹਾ ਨਹੀਂ ਸੀ, ਜਿਸ ਕਾਰਨ ਉਸ ਨੂੰ ਦੂਜੇ ਹਸਪਤਾਲ 'ਚ ਲਿਜਾਇਆ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਸੀਜੇਰੀਅਨ ਸੈਕਸ਼ਨ ਤੋਂ ਬਾਅਦ ਔਰਤ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਔਰਤ ਦੀ ਮੌਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਡਾਕਟਰ ਨੇ PM ਮੋਦੀ ਅਤੇ ਅਡਾਨੀ ਵਿਰੁੱਧ ਦਾਇਰ ਕੀਤਾ ਮੁਕੱਦਮਾ, ਜਾਣੋ ਕੀ ਹੈ ਮਾਮਲਾ

ਉਥੇ ਹੀ ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੁਰਤਗਾਲ ਵਿੱਚ ਹਸਪਤਾਲਾਂ ਦੀਆਂ ਡਿਲੀਵਰੀ ਯੂਨਿਟਾਂ ਵਿੱਚ ਸਟਾਫ਼ ਦੀ ਕਮੀ ਕਾਰਨ ਇਹ ਹਾਦਸਾ ਵਾਪਰਿਆ ਹੈ। ਦੂਜੇ ਪਾਸੇ, ਪੁਰਤਗਾਲ ਦੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼੍ਰੀਮਤੀ ਮਾਰਟਾ ਟੇਮੀਡੋ 2018 ਤੋਂ ਸਿਹਤ ਮੰਤਰੀ ਦਾ ਅਹੁਦਾ ਸੰਭਾਲ ਰਹੀ ਸੀ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੌਰਾਨ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸੰਭਾਲਣ ਦਾ ਸਿਹਰਾ ਜਾਂਦਾ ਹੈ, ਪਰ ਮੰਗਲਵਾਰ ਨੂੰ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੇਮੀਡੋ ਨੇ 'ਇਹ ਮਹਿਸੂਸ ਕੀਤਾ ਹੈ ਕਿ ਉਹ ਹੁਣ ਇਸ ਅਹੁਦੇ 'ਤੇ ਬਣੀ ਨਹੀਂ ਰਹਿ ਸਕਦੀ।' ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪੁਰਤਗਾਲ ਦੀ ਲੁਸਾ ਨਿਊਜ਼ ਏਜੰਸੀ ਨੇ ਦੱਸਿਆ ਕਿ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਕਿਹਾ ਕਿ ਔਰਤ ਦੀ ਮੌਤ ਕਾਰਨ ਸ਼੍ਰੀਮਤੀ ਟੇਮੀਡੋ ਨੇ ਅਸਤੀਫ਼ਾ ਦਿੱਤਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਪੁਰਤਗਾਲ ਵਿੱਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ 2 ਬੱਚਿਆਂ ਦੀਆਂ ਮੌਤਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀਆਂ ਮਾਵਾਂ ਨੂੰ ਸਪੱਸ਼ਟ ਤੌਰ 'ਤੇ ਹਸਪਤਾਲਾਂ ਵਿੱਚ ਤਬਦੀਲ ਕੀਤਾ ਗਿਆ ਸੀ ਅਤੇ ਕਾਫ਼ੀ ਦੇਰੀ ਨਾਲ ਉਨ੍ਹਾਂ ਨੂੰ ਇਲਾਜ ਦੀ ਸੁਵਿਧਾ ਪ੍ਰਾਪਤ ਹੋਈ ਸੀ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਸੰਗਰੂਰ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News