ਅਮਰੀਕਾ : ਪੋਟਲੈਂਡ ਵਿਚ ਪ੍ਰਦਰਸ਼ਨਕਾਰੀਆਂ ''ਤੇ ਛੱਡੇ ਗਏ ਹੰਝੂ ਗੈਸ ਦੇ ਗੋਲੇ

Thursday, Jul 23, 2020 - 03:26 PM (IST)

ਅਮਰੀਕਾ : ਪੋਟਲੈਂਡ ਵਿਚ ਪ੍ਰਦਰਸ਼ਨਕਾਰੀਆਂ ''ਤੇ ਛੱਡੇ ਗਏ ਹੰਝੂ ਗੈਸ ਦੇ ਗੋਲੇ

ਵਾਸ਼ਿੰਗਟਨ- ਅਮਰੀਕਾ ਦੇ ਸੰਘੀ ਅਧਿਕਾਰੀਆਂ ਨੇ ਵੀਰਵਾਰ ਨੂੰ ਪੋਟਲੈਂਡ ਵਿਚ ਅਦਾਲਤ ਕੰਪਲੈਕਸ ਦੇ ਚਾਰੋ ਪਾਸੇ ਲੱਗੀ ਧਾਤੂ ਦੀ ਵਾੜ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਅਤੇ ਗ੍ਰੇਨੇਡ ਦੀ ਵਰਤੋਂ ਕੀਤੀ।

ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ 56 ਦਿਨਾਂ ਤੋਂ ਸ਼ਹਿਰ ਵਿਚ ਜਾਰੀ ਹਿੰਸਕ ਵਾਰਦਾਤਾਂ ਕਾਰਨ ਬੁੱਧਵਾਰ ਨੂੰ ਧਾਤੂ ਦੀ ਵਾੜ ਲਗਾਈ ਗਈ ਸੀ। ਪ੍ਰਦਰਸ਼ਨਕਾਰੀਆਂ ਨੇ ਛੋਟੇ ਧਮਾਕਾਖੇਜ਼ ਉੁਪਕਰਣਾਂ ਤੇ ਜਲਣਸ਼ੀਲ ਵਸਤਾਂ ਨੂੰ ਸੁੱਟ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਬਾਅਦ ਪੁਲਸ ਨੇ ਉਨ੍ਹਾਂ ਨੂੰ ਲਾਊਡ ਸਪੀਕਰ ਰਾਹੀਂ ਕਈ ਵਾਰ ਘਟਨਾ ਵਾਲੇ ਸਥਾਨ ਨੂੰ ਛੱਡ ਕੇ ਜਾਣ ਦੇ ਹੁਕਮ ਦਿੱਤੇ। ਇਸ ਦੇ ਬਾਅਦ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੀ ਵਰਤੋਂ ਕੀਤੀ ਗਈ। ਇਸ ਵਿਚਕਾਰ ਕਈ ਹਜ਼ਾਰ ਲੋਕਾਂ ਨੇ ਨੇੜਲੇ ਇਕ ਜਨਤਕ ਗਾਰਡਨ ਵਿਚ ਸ਼ਾਂਤੀਪੂਰਣ ਪ੍ਰਦਰਸ਼ਨ ਕੀਤੇ, ਜਿੱਥੇ ਮੇਅਰ ਟੇਡ ਵ੍ਹੀਲਰ ਨੇ ਲੋਕਾਂ ਨੂੰ ਸੰਬੋਧਤ ਕੀਤਾ। ਹਾਲਾਂਕਿ ਭੀੜ ਨੇ ਮੇਅਰ ਦੇ ਸੰਬੋਧਨ 'ਤੇ ਉਤਸਾਹਜਨਕ ਪ੍ਰਤੀਕਿਰਿਆ ਨਾ ਪ੍ਰਗਟ ਕੀਤੀ ਜਦਕਿ ਉਨ੍ਹਾਂ ਨੇ ਪੁਲਸ ਵਿਚ ਸੁਧਾਰ ਦਾ ਵਾਅਦਾ ਵੀ ਕੀਤਾ। 
 


author

Lalita Mam

Content Editor

Related News