ਪ੍ਰਮਾਣੂ ਹਥਿਆਰ ਪ੍ਰੋਗਰਾਮਾਂ ਨੂੰ ਤਬਾਹ ਕੀਤੇ ਬਗੈਰ ਉੱਤਰ ਕੋਰੀਆ ਤੋਂ ਪਾਬੰਦੀ ਨਹੀਂ ਹਟੇਗੀ : ਅਮਰੀਕਾ

Sunday, Jun 10, 2018 - 12:36 AM (IST)

ਪ੍ਰਮਾਣੂ ਹਥਿਆਰ ਪ੍ਰੋਗਰਾਮਾਂ ਨੂੰ ਤਬਾਹ ਕੀਤੇ ਬਗੈਰ ਉੱਤਰ ਕੋਰੀਆ ਤੋਂ ਪਾਬੰਦੀ ਨਹੀਂ ਹਟੇਗੀ : ਅਮਰੀਕਾ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਪ੍ਰਸਤਾਵਿਤ ਬੈਠਕ ਤੋਂ ਥੋੜ੍ਹੇ ਦਿਨ ਪਹਿਲਾਂ ਹੀ ਅਮਰੀਕਾ ਨੇ ਇਕ ਵੱਡਾ ਬਿਆਨ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਤੋਂ ਅੰਤਰਰਾਸ਼ਟਰੀ ਪਾਬੰਦੀਆਂ ਉਦੋਂ ਤਕ ਨਹੀਂ ਹਟਾਈਆਂ ਜਾਣਗੀਆਂ, ਜਦੋਂ ਤਕ ਉਹ ਆਪਣੇ ਸਾਰੇ ਪ੍ਰਮਾਣੂ ਹਥਿਆਰ ਪ੍ਰੋਗਰਾਮਾਂ ਨੂੰ ਨਸ਼ਟ ਨਹੀਂ ਕਰ ਦਿੰਦਾ। ਰਿਪੋਰਟ ਮੁਤਾਬਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ 'ਚ ਉੱਤਰ ਕੋਰੀਆ ਦੇ ਬਾਹਰ ਸਥਿਤ ਸੰਭਾਵਿਤ ਗੈਰ-ਕਾਨੂੰਨੀ ਥਾਂ ਸ਼ਾਮਲ ਹੋਣਗੇ।
ਪੋਂਪੀਓ ਨੇ ਕਿਹਾ, 'ਮੈਂ ਇਸ ਦੇ ਵੇਰਵੇ ਦੀ ਡੂੰਘਾਈ 'ਚ ਨਹੀਂ ਜਾਣਾ ਚਾਹੁੰਦਾ ਪਰ ਜਦੋਂ ਤੁਸੀਂ ਪੂਰੀ ਤਰ੍ਹਾਂ ਹਥਿਆਰਬੰਦੀ ਬਾਰੇ ਗੱਲ ਕਰਦੇ ਹੋ ਤਾਂ ਇਸ 'ਚ ਸਾਰੇ ਪ੍ਰਮਾਣੂ ਸਥਾਨ ਸ਼ਾਮਲ ਹੋਣਗੇ। ਇਸ ਲਈ ਸਾਨੂੰ ਇਹ ਯਕੀਨੀ ਕਰਨਾ ਹੈ ਕਿ ਇਹ ਕੰਮ ਪੂਰਾ ਹੋਵੇ। ਪ੍ਰਮਾਣੂ ਹਥਿਆਰਬੰਦੀ ਉੱਤਰ ਕੋਰੀਆ ਵੱਲੋਂ ਕਾਫੀ ਵੱਡੀ ਵਚਨਬੱਧਤਾ ਹੈ ਤੇ ਇਸ ਦੇ ਬਰਾਬਰ ਸੁਰੱਖਿਆ ਦਾ ਭਰੋਸਾ ਵੀ ਹੋਣਾ ਚਾਹੀਦਾ ਹੈ।' ਜ਼ਿਕਰਯੋਗ ਹੈ ਕਿ 12 ਜੂਨ ਨੂੰ ਟਰੰਪ ਤੇ ਕਿਮ ਵਿਚਾਲੇ ਸਿੰਗਾਪੁਰ 'ਚ ਬਹੁਤ ਖਾਸ ਸਿਖਰ ਵਾਰਤਾ ਹੋਣੀ ਹੈ। ਟਰੰਪ 'ਤੇ ਕਿਮ ਦੀ ਗੱਲਬਾਤ ਕਈ ਰੁਕਾਵਟਾਂ ਤੋਂ ਬਾਅਦ ਹੋਣ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਟਰੰਪ ਨੇ ਅਚਾਨਕ ਸਿਖਰ ਵਾਰਤਾ ਨੂੰ ਰੱਦ ਕਰ ਦਿੱਤਾ ਸੀ, ਪਰ ਫਿਰ ਕੁਝ ਘੰਟਿਆਂ ਬਾਅਦ ਉੱਤਰ ਕੋਰੀਆ ਨਾਲ ਸਕਾਰਾਤਮਕ ਜਵਾਬ ਮਿਲਣ 'ਤੇ ਉਨ੍ਹਾਂ ਕਿਹਾ ਸੀ ਕਿ ਗੱਲਬਾਤ ਹਾਲੇ ਵੀ ਹੋ ਸਕਦੀ ਹੈ।


Related News