ਪਾਕਿਸਤਾਨ ''ਚ ਪੋਲੀਓ ਟੀਮ ''ਤੇ ਹਮਲਾ, ਪੁਲਸ ਕਰਮਚਾਰੀ ਦੀ ਮੌਤ
Tuesday, Feb 03, 2026 - 02:00 PM (IST)
ਪੇਸ਼ਾਵਰ (ਏਜੰਸੀ)- ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਖੈਬਰ-ਪਖਤੂਨਖਵਾ ਸੂਬੇ ਵਿਚ ਅਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਟੀਕਾਕਰਨ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਕੀਤੀ, ਜਿਸ ਵਿਚ ਟੀਮ ਦੀ ਸੁਰੱਖਿਆ ਵਿਚ ਤਾਇਨਾਤ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਮੀਰ ਅਲੀ ਤਹਿਸੀਲ ਵਿਚ ਵਾਪਰੀ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ।
ਪੁਲਸ ਨੇ ਕਿਹਾ ਕਿ ਘਟਨਾ ਦੀ ਸੂਚਨ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ। ਖੇਤਰ ਵਿਚ ਹਮਲਾਵਰਾਂ ਦੀ ਭਾਲ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਾਕਿਸਤਾਨ ਵਿਚ ਪਿਛਲੇ ਦਹਾਕੇ ਦੌਰਾਨ, ਖਾਸ ਕਰਕੇ ਖੈਬਰ ਪਖਤੂਨਖਵਾ ਦੇ ਕੁਝ ਹਿੱਸਿਆਂ ਵਿੱਚ, ਪੋਲੀਓ ਕਰਮਚਾਰੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ 'ਤੇ ਵਾਰ-ਵਾਰ ਹਮਲੇ ਹੋਏ ਹਨ। ਇਨ੍ਹਾਂ ਖਤਰਿਆਂ ਦੇ ਬਾਵਜੂਦ ਸਰਕਾਰ ਸਖਤ ਸੁਰੱਖਿਆ ਇੰਤਜ਼ਾਮਾਂ ਦਰਮਿਆਨ ਦੇਸ਼-ਵਿਆਪੀ ਪੋਲੀਓ ਮੁਹਿੰਮ ਜਾਰੀ ਰੱਖ ਰਹੀ ਹੈ।
