ਉੱਤਰ-ਪੱਛਮੀ ਪਾਕਿਸਤਾਨ ’ਚ 3 ਅੱਤਵਾਦੀ ਹਲਾਕ
Monday, Mar 23, 2026 - 01:21 AM (IST)
ਪਿਸ਼ਾਵਰ (ਭਾਸ਼ਾ) : ਉੱਤਰ-ਪੱਛਮੀ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਉਸਾਰੀ ਅਧੀਨ ਪੁਲਸ ਥਾਣੇ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ (ਟੀ. ਟੀ. ਪੀ.) ਨਾਲ ਜੁੜੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ।
ਪਾਬੰਦੀਸ਼ੁਦਾ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨੂੰ ਸਰਕਾਰ ਵਲੋਂ ‘ਫਿਤਨਾ ਅਲ ਖਵਾਰਿਜ’ ਦਾ ਨਾਂ ਦਿੱਤਾ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਖ਼ੈਬਰ ਪਖ਼ਤੂਨਖ਼ਵਾ ਦੇ ਕੁਰਮ ਜ਼ਿਲੇ ਵਿਚ ਸੁਰੱਖਿਆ ਲਈ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ’ਚ ਮਜ਼ਦੂਰ ਉਸਾਰੀ ਦੇ ਕੰਮ ’ਚ ਲੱਗੇ ਹੋਏ ਸਨ, ਉਦੋਂ ਹੀ ‘ਫਿਤਨਾ ਅਲ ਖਵਾਰਿਜ’ ਨੇ ਕੰਮ ਰੋਕਣ ਦੀ ਮੰਗ ਕੀਤੀ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ, ਜਿਸ ਵਿਚ 2 ਅੱਤਵਾਦੀ ਮਾਰੇ ਗਏ।
ਅੱਤਵਾਦੀਆਂ ਨੇ ਕੁਝ ਮਜ਼ਦੂਰਾਂ ਅਤੇ ਪੁਲਸ ਮੁਲਾਜ਼ਮਾਂ ਨੂੰ ਅਗਵਾ ਵੀ ਕਰ ਲਿਆ ਸੀ। ਹਾਲਾਂਕਿ, ਅਧਿਕਾਰੀਆਂ ਨੇ ਦੱਸਿਆ ਕਿ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸੇ ਦੌਰਾਨ ਪੁਲਸ ਨੇ ਦੱਸਿਆ ਕਿ ਕੁਰਮ ਦੇ ਪਾਰਾ ਚਮਕਾਨੀ ਇਲਾਕੇ ’ਚ ਮੋਰਟਾਰ ਦਾ ਗੋਲਾ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ।
