ਪਾਕਿਸਤਾਨ : ਸਕੂਲ ''ਚ ਅੰਮ੍ਰਿਤਧਾਰੀ ਸਿੱਖ ਲੜਕੀ ਦੀ ਉਤਾਰੀ ਦਸਤਾਰ, ਕੀਤੀ ਬੇਰਹਿਮੀ ਨਾਲ ਕੁੱਟਮਾਰ
Sunday, Mar 22, 2026 - 05:12 PM (IST)
ਫੈਸਲਾਬਾਦ: ਪਾਕਿਸਤਾਨ ਦੇ ਫੈਸਲਾਬਾਦ (ਪੁਰਾਣਾ ਨਾਂ ਲਾਇਲਪੁਰ) ਜ਼ਿਲ੍ਹੇ ਤੋਂ ਇੱਕ ਅਤਿ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਮਾਨਤਾ ਪ੍ਰਾਪਤ ਕ੍ਰਿਸਚੀਅਨ ਸਕੂਲ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਬੱਚੀ ਦੀ ਦਸਤਾਰ ਜਬਰੀ ਉਤਾਰਨ ਅਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਰਥਨਾ 'ਚ ਸ਼ਾਮਲ ਨਾ ਹੋਣ 'ਤੇ ਮਿਲੀ ਸਜ਼ਾ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਾਰਿਸਪੁਰਾ ਇਲਾਕੇ ਦੇ 'ਸੇਂਟ ਕੈਥਰੀਨ ਗਰਲਜ਼ ਹਾਈ ਸਕੂਲ' ਦੀ ਹੈ। ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਕੂਲ ਪ੍ਰਸ਼ਾਸਨ ਨੇ ਉਸ ਦੀ ਧੀ ਦੀ ਦਸਤਾਰ ਜਬਰੀ ਉਤਾਰ ਦਿੱਤੀ। ਇੰਨਾ ਹੀ ਨਹੀਂ, ਜਦੋਂ ਬੱਚੀ ਨੇ ਸਕੂਲ ਵਿੱਚ ਹੋਣ ਵਾਲੀ ਈਸਾਈ ਪ੍ਰਾਰਥਨਾ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਪੇਟ 'ਚ ਲੱਤਾਂ ਅਤੇ ਮੁੱਕੇ ਮਾਰੇ ਗਏ।
ਬਿਮਾਰ ਬੱਚੀ ਦੀ ਮਦਦ ਕਰਨ ਤੋਂ ਵੀ ਰੋਕਿਆ
ਪੀੜਤ ਬੱਚੀ ਦਮੇ (Asthma) ਦੀ ਮਰੀਜ਼ ਹੈ। ਜਦੋਂ ਉਸ ਦੀ ਭੈਣ ਨੇ ਉਸ ਦੀ ਹਾਲਤ ਵਿਗੜਦੀ ਦੇਖ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਨੇ ਉਸ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਉਹ ਬਿਮਾਰ ਹੋਣ ਦਾ ਨਾਟਕ ਕਰ ਰਹੀ ਹੈ।
ਸਿੱਖ ਲੀਡਰਸ਼ਿਪ 'ਤੇ ਉੱਠੇ ਸਵਾਲ
ਪੀੜਤ ਬੱਚੀ ਦੀ ਮਾਂ ਨੇ ਪਾਕਿਸਤਾਨੀ ਸਿੱਖ ਆਗੂਆਂ 'ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪੀੜਤ ਬੱਚੀ ਦੀ ਮਾਂ ਖੁਦ ਵੀ ਪਹਿਲਾਂ ਤਸ਼ੱਦਦ ਦਾ ਸ਼ਿਕਾਰ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਨੌਂ ਮਹੀਨਿਆਂ ਤੱਕ ਗੈਰ-ਕਾਨੂੰਨੀ ਤੌਰ 'ਤੇ ਬੰਧਕ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਦੇ ਪੁੱਤਰ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਸੀ।
ਕਾਰਵਾਈ ਦੀ ਮੰਗ
'ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ' ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ (ਪਾਕਿਸਤਾਨ) ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਨੇ ਦਖਲ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਹਰਕਤ 'ਚ ਆਈ ਹੈ। ਇਸ ਘਟਨਾ ਨੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਸੁਰੱਖਿਆ 'ਤੇ ਮੁੜ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
