ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ ਪੁਲਸ ਮੁਲਾਜ਼ਮ ਦੀ ਮੌਤ, 10 ਜ਼ਖ਼ਮੀ
Thursday, Jul 20, 2023 - 03:47 PM (IST)

ਇਸਲਾਮਾਬਾਦ (ਵਾਰਤਾ)- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਵੀਰਵਾਰ ਨੂੰ 2 ਆਤਮਘਾਤੀ ਹਮਲਿਆਂ 'ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਖੈਬਰ ਪਖਤੂਨਖਵਾ ਪੁਲਸ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਸੂਬੇ ਦੇ ਖੈਬਰ ਕਬਾਇਲੀ ਜ਼ਿਲ੍ਹੇ ਵਿਚ ਵਾਪਰੀ, ਜਿਸ ਵਿਚ ਇਕ ਆਤਮਘਾਤੀ ਹਮਲਾਵਰ ਨੇ ਉਸ ਸਮੇਂ ਆਪਣੇ ਆਪ ਨੂੰ ਉਡਾ ਲਿਆ, ਜਦੋਂ ਉਸ ਨੂੰ ਥਾਣੇ ਦੇ ਮੁੱਖ ਗੇਟ 'ਤੇ ਤਾਇਨਾਤ ਇਕ ਪੁਲਸ ਮੁਲਾਜ਼ਮ ਨੇ ਰੋਕਿਆ।
ਪੁਲਸ ਨੇ ਦੱਸਿਆ ਕਿ ਇਸ ਆਤਮਘਾਤੀ ਹਮਲੇ 'ਚ ਪੁਲਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਜਿਵੇਂ ਹੀ ਮੌਕੇ 'ਤੇ ਪਹੁੰਚੀ ਤਾਂ ਦੂਜੇ ਆਤਮਘਾਤੀ ਹਮਲਾਵਰ ਨੇ ਵੀ ਖੁਦ ਨੂੰ ਉਡਾ ਲਿਆ, ਜਿਸ ਨਾਲ 10 ਹੋਰ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਅਤੇ ਸੁਰੱਖਿਆ ਬਲਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।