ਮਾਂ-ਬੋਲੀ ਦਿਵਸ ਸਮਾਗਮ ਦੌਰਾਨ ਕਾਵਿ ਸੰਗ੍ਰਹਿ "ਅੱਥਰੂਆਂ ਵਾਂਗ ਕਿਰਦੇ ਹਰਫ਼" ਲੋਕ ਅਰਪਣ

Monday, Feb 26, 2024 - 05:26 PM (IST)

ਮਾਂ-ਬੋਲੀ ਦਿਵਸ ਸਮਾਗਮ ਦੌਰਾਨ ਕਾਵਿ ਸੰਗ੍ਰਹਿ "ਅੱਥਰੂਆਂ ਵਾਂਗ ਕਿਰਦੇ ਹਰਫ਼" ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਅੰਤਰ ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਲੇਖਕ ਗੁਰਜਿੰਦਰ ਸਿੰਘ ਸੰਧੂ ਦੀ ਰਚਨਾ "ਅੱਥਰੂਆਂ ਵਾਂਗ ਕਿਰਦੇ ਹਰਫ਼" ਲੋਕ ਅਰਪਣ ਕੀਤੀ ਗਈ। ਸਮਾਗਮ ਵਿੱਚ ਮਾਂ-ਬੋਲੀ ਪੰਜਾਬੀ ਦੀ ਮੌਜੂਦਾ ਸਥਿਤੀ ਪ੍ਰਤੀ ਡੂੰਘਾ ਸੰਵਾਦ ਰਚਾਇਆ ਗਿਆ। ਪੰਜਾਬੀ ਭਾਸ਼ਾ ਨਾਲ ਆਪਣੇ ਹੀ ਧਰਾਤਲ ਹਿੱਸੇ ਵਿੱਚ ਦੂਜੀ ਭਾਸ਼ਾ ਵਾਲਾ ਵਿਖਰੇਵਾਂ ਹੋਣ ਬਾਰੇ ਚਰਚਾ ਦਾ ਮੁੱਖ ਵਿਸ਼ਾ ਰਿਹਾ।

ਸਮਾਜ ਸੇਵੀ ਇਕਬਾਲ ਧਾਮੀ ਨੇ ਪੰਜਾਬੀ ਲੋਕਾਂ ਨੂੰ ਪੰਜਾਬੀ ਜੁਬਾਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਇਹ ਚਿੰਤਾ ਜਾਹਰ ਕੀਤੀ ਕਿ ਅਸੀਂ ਖੁਦ ਹੀ ਹੋਰ ਭਾਸ਼ਾਵਾਂ ਬੋਲਣ ਨੂੰ ਸ਼ਾਨ ਸਮਝਣ ਲੱਗ ਪਏ ਹਾਂ। ਇਸੇ ਦੌਰਾਨ ਮਸ਼ਹੂਰ ਗੀਤਕਾਰ ਨਿਰਮਲ ਦਿਓਲ ਨੇ ਇਕ ਖੂਬਸੂਰਤ ਗੀਤ ਸਰੋਤਿਆਂ ਨਾਲ ਸਾਂਝਾ ਕੀਤਾ ਤੇ ਇਸੇ ਮਾਂ ਬੋਲੀ ਪੰਜਾਬੀ ਦੀ ਲੰਬੀ ਹੋਂਦ ਦਾ ਸਰੋਤ ਮਾਂਵਾਂ ਨੂੰ ਕਿਹਾ। ਕਾਰਜਕਾਰਨੀ ਮੈਂਬਰ ਦਲਜੀਤ ਨੇ ਪੰਜਾਬੀ ਮਾਂ ਬੋਲੀ ਬਾਰੇ ਪਰਚਾ ਪੜ੍ਹਿਆ। ਉਨ੍ਹਾਂ ਪੰਜਾਬੀ ਬੋਲੀ ਦੇ ਵੇਰਵੇ ਸਹਿਤ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਬਾਰੇ ਵਿਸਥਾਰਪੂਰਵਕ ਦੱਸਿਆ। ਲੇਖਕ ਗੁਰਜਿੰਦਰ ਸਿੰਘ ਸੰਧੂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਪੜ੍ਹੋ ਇਹ ਅਹਿਮ ਖ਼ਬਰ-ਗੁਬਾਰੇ 'ਚ ਕਰ ਸਕੋਗੇ ਸਪੇਸ ਦੀ ਸੈਰ, 5 ਸਟਾਰ ਹੋਟਲ ਵਰਗਾ ਮਿਲੇਗਾ ਮਜ਼ਾ, ਜਾਣੋ ਕਿੰਨਾ ਆਵੇਗਾ ਖਰਚ

ਮਸ਼ਹੂਰ ਗਜ਼ਲਗੋ ਜਸਵੰਤ ਵਾਗਲਾ ਮਾਂ-ਬੋਲੀ ਦਿਵਸ ਦੀਆਂ ਮੁਬਾਰਕਬਾਦ ਦੇਣ ਦੇ ਨਾਲ-ਨਾਲ,  ਆਪਣੀਆ ਖੂਬਸੂਰਤ ਗਜ਼ਲਾਂ ਦਾ ਗਾਇਨ ਕੀਤਾ। ਪੰਜਾਬੀ ਕਵੀ ਦਿਨੇਸ਼ ਸ਼ੇਖੂਪੁਰੀ ਨੇ ਆਪਣੀਆ ਭਾਵਪੂਰਨ, ਅਰਥ ਭਰਪੂਰ ਰਚਨਾਵਾਂ ਰਾਹੀਂ ਮਹੌਲ ਨੂੰ ਚਾਰ ਚੰਦ ਲਾਏ। ਗੀਤਕਾਰ ਵੱਲੋਂ ਪੰਜਾਬੀ ਗੀਤ ਦਾ ਆਗਾਜ ਤਰੁਨਮ ਵਿੱਚ ਕੀਤਾ ਗਿਆ। ਹਰਮਨਦੀਪ ਵੱਲੋਂ ਅੱਥਰੂਆਂ ਵਾਂਗ ਕਿਰਦੇ ਹਰਫ਼ ਕਾਵਿ-ਪੁਸਤਕ ਉਪਰ ਪਰਚਾ ਪੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਕਵੀ ਕੋਲ ਵਿਚਾਰ ਹੈ ਤੇ ਸਮਕਾਲੀ ਤੇ ਯਥਾਰਥਿਕ ਪਰ ਵਿਦਰੋਹੀ ਸੁਰ ਦੀ ਕਵਿਤਾ ਹੋਣ ਦਾ ਮਾਣ ਹਾਸਲ ਕਰਨ ਵਾਲਾ ਕਾਵਿ-ਸੁਖ਼ਨ ਹੈ। ਉਨ੍ਹਾਂ ਗੁਰਜਿੰਦਰ ਸੰਧੂ ਨੂੰ ਇਸ ਕਿਰਤ ਲਈ ਮੁਬਾਰਕਬਾਦ ਕਿਹਾ ਤੇ ਗੀਤਕਾਰ ਗੁਰਮੁੱਖ ਨੇ ਆਪਣੇ ਚਰਚਿਤ ਗੀਤਾਂ ਨਾਲ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਜਸਕਰਨ ਸ਼ੀਂਹ, ਅਮਨਦੀਪ , ਸ਼ੁਭਰੀਤ, ਮਲਕੀਤ ਸਿੰਘ ਮੈਲਬੌਰਨ ਸਮੇਤ ਹੋਰਾਂ ਸ਼ਖਸੀਅਤਾਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਸਮਾਗਮ ਦੀ ਪੇਸ਼ਕਸ਼ ਐਨੇ ਸ਼ਾਨਦਾਰ ਢੰਗ ਨਾਲ ਸੀ ਕਿ ਸਰੋਤੇ ਅੰਤ ਤੱਕ ਸਮਾਗਮ ਵਿੱਚ ਬਣੇ ਰਹੇ। ਸਭਾ ਸਕੱਤਰ ਰਿਤੂ ਅਹੀਰ ਜੀ ਵੱਲੋਂ ਸਟੇਜ ਦਾ ਸੰਚਾਲਨ ਬਹੁਤ ਹੀ ਸ਼ਲਾਘਾਯੋਗ ਰਿਹਾ। ਇਸ ਸਮਾਗਮ ਦੌਰਾਨ ਖਾਣ ਪੀਣ ਦਾ ਪ੍ਰਬੰਧ ਸਭਾ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News