ਪਤਨੀ ਸੋਫੀ ਸਮੇਤ ਪੋਪ ਫਰਾਂਸਿਸ ਨੂੰ ਮਿਲਣ ਪੁੱਜੇ ਟਰੂਡੋ, ਸ਼ਰਨਾਰਥੀਆਂ ਨਾਲ ਖੇਡਿਆ ਫੁੱਟਬਾਲ (ਤਸਵੀਰਾਂ)

05/29/2017 6:57:48 PM

ਵੇਟੀਕਨ ਸਿਟੀ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੋਗੋਇਰ ਸਮੇਤ ਅੱਜ ਵੇਟੀਕਨ ਸਿਟੀ ਵਿਖੇ ਪੋਪ ਫਰਾਂਸਿਸ ਨੂੰ ਮਿਲਣ ਲਈ ਪਹੁੰਚੇ। 30 ਮਿੰਟਾਂ ਦੀ ਇਸ ਮੁਲਾਕਾਤ ਵਿਚ ਪੋਪ ਅਤੇ ਟਰੂਡੋ ਵਿਚਕਾਰ ਕੀ ਗੱਲਾਂ ਹੋਈਆਂ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਆਪਣੇ ਇਸ ਦੌਰੇ ਤੋਂ ਪਹਿਲਾਂ ਟਰੂਡੋ ਨੇ ਕਿਹਾ ਸੀ ਕਿ ਉਹ ਕੈਥੋਲਿਕ ਚਰਚਾਂ ਵੱਲੋਂ ਇੰਡੀਜੀਨੀਅਸ ਭਾਈਚਾਰੇ ਦੇ ਲੋਕਾਂ ਨਾਲ ਸਕੂਲਾਂ ਵਿਚ ਹੋਣ ਵਾਲੇ ਭੇਦਭਾਵ ਦਾ ਮੁੱਦਾ ਚੁੱਕਣਗੇ ਅਤੇ ਇਸ ਮੁੱਦੇ 'ਤੇ ਉਨ੍ਹਾਂ ਤੋਂ ਮੁਆਫੀ ਦੀ ਮੰਗ ਕਰਨਗੇ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਵੀ ਉਹ ਪੋਪ ਨਾਲ ਗੱਲਬਾਤ ਕਰਨਗੇ ਪਰ ਫਿਲਹਾਲ ਪਤਾ ਨਹੀਂ ਕਿ ਇਹ ਮੁੱਦੇ ਪੋਪ ਕੋਲ ਚੁੱਕੇ ਗਏ ਹਨ ਜਾਂ ਨਹੀਂ।
ਇਸ ਦੌਰੇ ਦੌਰਾਨ ਟਰੂਡੋ ਨੇ ਪੋਪ ਨੂੰ ਜੇਸੁਈਟ ਸੰਬੰਧਾਂ ਬਾਰੇ ਕਿਤਾਬਾਂ ਦਿੱਤੀਆਂ। ਇਨ੍ਹਾਂ ਕਿਤਾਬਾਂ ਵਿਚ ਕੈਨੇਡਾ ਦੀ ਸ਼ੁਰੂਆਤ ਬਾਰੇ ਵਿਸਥਾਰਪੂਰਵਕ ਵਰਨਣ ਮਿਲਦਾ ਹੈ। ਪੋਪ ਨੇ ਵੀ ਟਰੂਡੋ ਨੂੰ ਆਪਣਾ ਗੋਲਡ ਮੈਡਲ, ਵਿਸ਼ਵ ਸ਼ਾਂਤੀ ਦਿਵਸ 'ਤੇ ਦਿੱਤੇ ਸੰਦੇਸ਼ ਦੀ ਆਟੋਗ੍ਰਾਫਡ ਕਾਪੀ ਅਤੇ ਪਰਿਵਾਰ, ਵਾਤਾਵਰਣ ਵਾਲੇ ਲਿਖੇ ਆਪਣੇ ਪੱਤਰ ਦਿੱਤੇ। 
ਇਸ ਤੋਂ ਪਹਿਲਾਂ ਟਰੂਡੋ ਨੇ ਸ਼ਰਨਾਰਥੀਆਂ ਅਤੇ ਫਾਇਓਰੇਂਟੀਨਾ ਦੀ ਫੁੱਟਬਾਲ ਟੀਮ ਨਾਲ ਰੋਮ ਦੇ ਉਲੰਪਿਕ ਸਟੇਡੀਅਮ ਵਿਚ ਦੋਸਤਾਨਾ ਫੁੱਟਬਾਲ ਮੈਚ ਖੇਡਿਆ। ਟਰੂਡੋ ਨੇ ਮਹਾਨ ਖਿਡਾਰੀ ਫਰਾਂਸੇਸਕੋ ਟੌਟੀ ਦੀ ਜਰਸੀ ਪਹਿਨ ਕੇ ਫੁੱਟਬਾਲ ਦੇ ਜੌਹਰ ਦਿਖਾਏ। ਇਸ ਖਿਡਾਰੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ। 


Kulvinder Mahi

News Editor

Related News