ਬ੍ਰਿਕਸ ਸੰਮੇਲਨ ''ਚ ਹਿੱਸਾ ਲੈਣ ਲਈ ਮੋਦੀ ਪਹੁੰਚੇ ਬ੍ਰਾਸੀਲੀਆ
Wednesday, Nov 13, 2019 - 03:33 PM (IST)

ਬ੍ਰਾਜ਼ੀਲੀਆ— ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਅੱਜ ਬ੍ਰਾਜ਼ੀਲ ਦੀ ਰਾਜਧਾਨੀ ਪਹੁੰਚ ਗਏ ਹਨ। ਸ਼੍ਰੀ ਮੋਦੀ ਦੋ ਦਿਨ ਦੀ ਯਾਤਰਾ 'ਤੇ ਇਥੇ ਆਏ ਹਨ ਤੇ ਇਸ ਦੌਰਾਨ ਉਹ ਬ੍ਰਿਕਸ ਦੇ 11ਵੇਂ ਸੰਮੇਲਨ 'ਚ ਹਿੱਸਾ ਲੈਣ ਦੇ ਨਾਲ-ਨਾਲ ਬ੍ਰਿਕਸ ਨੇਤਾਵਾਂ ਦੀ ਬ੍ਰਿਕਸ ਬਿਜ਼ਨੈਸ ਕੌਂਸਲ ਦੀ ਬੈਠਕ 'ਚ ਵੀ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਨੇ ਬਾਅਦ 'ਚ ਟਵੀਟ ਕੀਤਾ ਕਿ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਦੇ ਲਈ ਬ੍ਰਾਜ਼ੀਲ ਪਹੁੰਚਿਆ। ਯਾਤਰਾ ਦੌਰਾਨ ਕੁਝ ਨੇਤਾਵਾਂ ਨਾਲ ਵੀ ਮਿਲਣ ਦਾ ਪ੍ਰੋਗਰਾਮ ਹੈ। ਮੈਨੂੰ ਭਰੋਸਾ ਹੈ ਕਿ ਬ੍ਰਿਕਸ ਸੰਮੇਲਨ ਮੈਂਬਰ ਦੇਸ਼ਾਂ ਦੇ ਵਿਚਾਲੇ ਸੰਸਕ੍ਰਿਤਿਕ ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਏਗਾ। ਇਸ ਸਾਲ ਦੇ ਬ੍ਰਿਕਸ ਸੰਮੇਲਨ ਦਾ ਥੀਮ 'ਉੱਨਤ ਭਵਿੱਖ ਦੇ ਲਈ ਆਰਥਿਕ ਵਿਕਾਸ' ਹੈ। ਪ੍ਰਧਾਨ ਮੰਤਰੀ ਦੇ ਨਾਲ ਇਕ ਵਿਸ਼ਾਲ ਵਪਾਰਕ ਵਫਦ ਵੀ ਗਿਆ ਹੈ। ਪ੍ਰਧਾਨ ਮੰਤਰੀ ਦਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਚੀਨ ਦੇ ਰਾਸ਼ਟਰਪਚੀ ਸ਼ੀ ਜਿਨਫਿੰਗ ਦੇ ਨਾਲ ਦੋ-ਪੱਖੀ ਬੈਠਕਾਂ ਦਾ ਵੀ ਪ੍ਰੋਗਰਾਮ ਹੈ। ਉਹ ਬ੍ਰਿਕਸ ਦੇ ਬਿਜ਼ਨੈਸ ਫੋਰਮ ਅਤੇ ਮੁੱਖ ਤੇ ਸਮਾਪਤੀ ਸਮਾਗਮ 'ਚ ਵੀ ਸ਼ਾਮਲ ਹੋਣਗੇ।
ਬ੍ਰਿਕਸ ਦੌਰਾਨ ਮੈਂਬਰ ਦੇਸ਼ਾਂ ਦੇ ਵਿਚਾਲੇ ਆਰਥਿਕ ਸਹਿਯੋਗ 'ਤੇ ਮੁੱਖ ਰੂਪ ਨਾਲ ਚਰਚਾ ਹੋਵੇਗੀ। ਇਸ ਬੈਠਕ ਤੋਂ ਬਾਅਦ ਬ੍ਰਿਕਸ ਦੇਸ਼ਾਂ ਦੀਆਂ ਵਪਾਰ ਤੇ ਨਿਵੇਸ਼ ਏਜੰਸੀਆਂ ਦੇ ਵਿਚਾਲੇ ਕਰਾਰ 'ਤੇ ਦਸਤਖਤ ਕੀਤੇ ਜਾਣਗੇ। ਸੰਮੇਲਨ ਖਤਮ ਹੋਣ 'ਤੇ ਸਾਰੇ ਨੇਤਾ ਇਕ ਸੰਯੁਕਤ ਐਲਾਨ ਵੀ ਜਾਰੀ ਕਰਨਗੇ। ਬ੍ਰਿਕਸ 'ਚ ਪੰਜ ਉਭਰਦੀਆਂ ਹੋਈਆਂ ਅਰਥਵਿਵਸਥਾਵਾਂ ਸ਼ਾਮਲ ਹਨ, ਜਿਨ੍ਹਾਂ 'ਚ ਦੁਨੀਆ ਦੀ 42 ਫੀਸਦੀ ਆਬਾਦੀ ਰਹਿੰਦੀ ਹੈ। ਇਨ੍ਹਾਂ ਦਾ ਕੁੱਲ ਘਰੇਲੂ ਉਤਪਾਦ ਦੁਨੀਆ ਦੇ ਕੁੱਲ ਘਰੇਲੂ ਉਤਪਾਦ ਦਾ 23 ਫੀਸਦੀ ਹੈ ਤੇ ਇਨ੍ਹਾਂ ਦਾ ਵਿਸ਼ਵ ਵਪਾਰ 'ਚ ਹਿੱਸਾ 17 ਫੀਸਦੀ ਹੈ।