ਆਸਟਰੇਲੀਆ: ਕੁਈਨਜ਼ਲੈਂਡ ''ਚ ਜਹਾਜ਼ ਹਾਦਸੇ ਦੌਰਾਨ 5 ਲੋਕਾਂ ਦੀ ਮੌਤ

Wednesday, Mar 11, 2020 - 04:54 PM (IST)

ਆਸਟਰੇਲੀਆ: ਕੁਈਨਜ਼ਲੈਂਡ ''ਚ ਜਹਾਜ਼ ਹਾਦਸੇ ਦੌਰਾਨ 5 ਲੋਕਾਂ ਦੀ ਮੌਤ

ਸਿਡਨੀ (ਸਿਨਹੂਆ)- ਆਸਟਰੇਲੀਆਈ ਸੂਬੇ ਕੁਈਨਜ਼ਲੈਂਡ ਦੇ ਕੇਪ ਯਾਰਕ ਪੇਨੀਨਸੁਲਾ ਵਿਚ ਬੁੱਧਵਾਰ ਨੂੰ ਇਕ ਜਹਾਜ਼ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਸਥਾਨਕ ਪੁਲਸ ਵਲੋਂ ਦਿੱਤੀ ਗਈ ਹੈ।

ਪੁਲਸ ਮੁਤਾਬਕ ਦੋ ਇੰਜਣਾਂ ਵਾਲਾ ਸੈਸਨਾ 404 ਟਾਇਟਨ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 11:30 ਵਜੇ ਤੋਂ ਬਾਅਦ ਲਾਕਹਾਰਟ ਨਦੀ ਦੀ ਹਵਾਈ ਪੱਟੀ ਨੇੜੇ ਲੈਂਡਿੰਗ ਦੀਆਂ ਦੋ ਕੋਸ਼ਿਸ਼ਾਂ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਐਮਰਜੈਂਸੀ ਅਮਲੇ ਨੂੰ ਕਈ ਘੰਟੇ ਬਾਅਦ ਮਲਬੇ ਦਾ ਪਤਾ ਲਗ ਸਕਿਆ। ਇਸ ਦੌਰਾਨ ਮੌਕੇ ਤੋਂ ਪਾਇਲਟ ਸਣੇ ਸਥਾਨਕ ਸਰਕਾਰ ਸਬੰਧੀ ਵਿਭਾਗ ਲਈ ਕੰਮ ਕਰਨ ਵਾਲੇ ਚਾਰ ਯਾਤਰੀ ਮਾਰੇ ਗਏ।

ਕੁਈਨਜ਼ਲੈਂਡ ਪੁਲਸ ਦੇ ਕਾਰਜਕਾਰੀ ਚੀਫ ਸੁਪਰਡੈਂਟ ਕ੍ਰਿਸ ਹੋਡਗਮੈਨ ਨੇ ਕਿਹਾ ਕਿ ਹਾਦਸੇ ਲਈ ਖਰਾਬ ਮੌਸਮ ਨੂੰ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ। ਹੋਡਗਮੈਨ ਨੇ ਕਿਹਾ ਕਿ ਇਸ ਸਮੇਂ ਮੌਨਸੂਨ ਹਵਾਵਾਂ ਚੱਲ ਰਹੀਆਂ ਹਨ ਤੇ ਬਾਰਸ਼ ਹੋ ਰਹੀ ਹੈ, ਇਸ ਲਈ ਉਹ ਚੁਣੌਤੀ ਭਰੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ। ਹੋਡਗਮੈਨ ਨੇ ਕਿਹਾ ਕਿ ਆਸਟਰੇਲੀਆਈ ਟ੍ਰਾਂਸਪੋਰਟ ਸੇਫਟੀ ਬਿਊਰੋ ਨਾਲ ਸਾਂਝੀ ਜਾਂਚ ਕਰਨ ਲਈ ਵੀਰਵਾਰ ਨੂੰ ਵਧੇਰੇ ਕੁਈਨਜ਼ਲੈਂਡ ਪੁਲਸ ਦੇ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਜਾਵੇਗਾ।


author

Baljit Singh

Content Editor

Related News