ਫਿਲੀਪੀਨ ਦੇ ਕਰੀਬ ਪਹੁੰਚਿਆ ਭਿਆਨਕ ਤੂਫਾਨ, ਐਲਰਟ ਜਾਰੀ

09/14/2018 5:05:51 PM

ਮਨੀਲਾ (ਭਾਸ਼ਾ)— ਫਿਲੀਪੀਨ ਵਿਚ ਅਗਲੇ 24 ਘੰਟਿਆਂ ਦੇ ਅੰਦਰ ਭਿਆਨਕ ਤੂਫਾਨ 'ਮੰਗਖੁਤ' ਦੇ ਪਹੁੰਚਣ ਦਾ ਖਦਸ਼ਾ ਹੈ। ਜਿਸ ਨਾਲ 255 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਨਜਿੱਠਣ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੂਫਾਨ ਨੂੰ ਸਾਲ ਦਾ ਸਭ ਤੋਂ ਤਬਾਹਕੁੰਨ ਤੂਫਾਨ ਦੱਸਿਆ ਜਾ ਰਿਹਾ ਹੈ। ਉਲਟ ਮੌਸਮ ਨੂੰ ਦੇਖਦਿਆਂ ਫਿਲੀਪੀਨ ਦੇ ਉੱਤਰੀ ਤੱਟੀ ਇਲਾਕੇ ਵਿਚੋਂ ਹਜ਼ਾਰਾਂ ਲੋਕ ਸੁਰੱਖਿਅਤ ਸਥਾਨਾਂ 'ਤੇ ਚਲੇ ਗਏ ਹਨ। 

ਜਾਪਾਨ ਮੈਟਰੋਲੌਜ਼ੀਕਲ ਏਜੰਸੀ ਦੇ ਮੌਸਮ ਵਿਗਿਆਨੀ ਹਿਰੋਸ਼ੀ ਇਸ਼ੀਹਾਰਾ ਨੇ ਦੱਸਿਆ,''ਇਸ ਸਾਲ ਦੇ ਸਾਰੇ ਤੂਫਾਨਾਂ ਵਿਚੋਂ ਇਹ ਸਭ ਤੋਂ ਭਿਆਨਕ ਹੈ।'' ਫਿਲੀਪੀਨ ਮੌਸਮ ਵਿਭਾਗ ਨੇ ਕਿਹਾ ਹੈ ਕਿ ਤੂਫਾਨ ਦਾ ਦਾਇਰਾ 900 ਕਿਲੋਮੀਟਰ ਤੱਕ ਹੋ ਸਕਦਾ ਹੈ। ਇਸ ਦੌਰਾਨ 205 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਸ਼ੁੱਕਰਵਾਰ ਨੂੰ ਉੱਤਰੀ-ਪੂਰਬੀ ਲੁਜੋਨ ਟਾਪੂ ਤੇਜ਼ ਮੀਂਹ ਅਤੇ ਤੂਫਾਨੀ ਹਵਾਵਾਂ ਦੀ ਚਪੇਟ ਵਿਚ ਆ ਚੁੱਕਾ ਹੈ। ਹਾਲੇ ਉੱਥੋਂ ਕਿਸੇ ਵੱਡੇ ਨੁਕਸਾਨ ਜਾਂ ਹੜ੍ਹ ਦੀ ਖਬਰ ਨਹੀਂ ਆਈ ਹੈ। ਜਾਣਕਾਰੀ ਮੁਤਾਬਕ ਤੂਫਾਨ ਮੰਗਖੁਤ ਨਾਲ ਘੱਟੋ-ਘੱਟ 40 ਲੱਖ ਲੋਕ ਪ੍ਰਭਾਵਿਤ ਹੋਣਗੇ। ਇਸ ਹਫਤੇ ਦੇ ਅਖੀਰ ਵਿਚ ਇਸ ਦੇ ਚੀਨ ਵਿਚ ਸੰਘਣੀ ਆਬਾਦੀ ਵਾਲੇ ਦੱਖਣੀ ਤੱਟ ਤੱਕ ਪਹੁੰਚਣ ਦਾ ਅਨੁਮਾਨ ਹੈ। ਇੱਥੇ ਦੱਸ ਦਈਏ ਕਿ ਹਰ ਸਾਲ ਫਿਲੀਪੀਨ ਨੂੰ ਔਸਤਨ 20 ਤੂਫਾਨ ਅਤੇ ਚੱਕਰਵਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਸੈਂਕੜੇ ਲੋਕਾਂ ਮਾਰੇ ਜਾਂਦੇ ਹਨ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਭਰਪੂਰ ਹੋ ਜਾਂਦੀ ਹੈ।


Related News