ਬ੍ਰਿਟੇਨ ’ਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ ਫਾਈਜ਼ਰ ਵੈਕਸੀਨ, ਸਰਕਾਰ ਨੇ ਕਿਹਾ-ਪੂਰੀ ਤਰ੍ਹਾਂ ਹੈ ਸੁਰੱਖਿਅਤ

Friday, Jun 04, 2021 - 08:16 PM (IST)

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ ਸ਼ੁੱਕਰਵਾਰ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਇਓਨਟੈੱਕ ਦੇ ਕੋਵਿਡ-19 ਰੋਕੂ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਰੱਗਜ਼ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮ. ਐੱਚ. ਆਰ. ਏ.) ਨੇ ਕਿਹਾ ਹੈ ਕਿ ਛੋਟੀ ਉਮਰ ਸਮੂਹ ਦੇ ਲੋਕਾਂ ’ਚ ਸੁਰੱਖਿਆ ਅਤੇ ਪ੍ਰਭਾਵ ਨੂੰ ਲੈ ਕੇ ‘ਡੂੰਘੀ ਸਮੀਖਿਆ’ ਤੇ ਇਸ ਨਤੀਜੇ ਤੋਂ ਬਾਅਦ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਕਿਸੇ ਜੋਖਮ ਦੀ ਤੁਲਨਾ ’ਚ ਟੀਕੇ ਦੇ ਫਾਇਦੇ ਜ਼ਿਆਦਾ ਹਨ। ਹੁਣ ਤੱਕ ਯੂ. ਕੇ. ’ਚ 16 ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਐੱਮ. ਐੱਚ. ਆਰ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਜੂਨ ਰੈਨੇ ਨੇ ਦੱਸਿਆ, ‘‘ਅਸੀਂ 12 ਤੋਂ 15 ਸਾਲ ਦੇ ਬੱਚਿਆਂ ’ਤੇ ਟੀਕੇ ਦੇ ਕਲੀਨੀਕਲ ਟ੍ਰਾਇਲ ਦੇ ਅੰਕੜਿਆਂ ਦੀ ਸਾਵਧਾਨੀਪੂਰਵਕ ਸਮੀਖਿਆ ਕੀਤੀ ਤੇ ਇਸ ਨਤੀਜੇ ’ਤੇ ਪਹੁੰਚੇ ਕਿ ਫਾਈਜ਼ਰ ਬਾਇਓਨਟੈੱਕ ਦਾ ਕੋਰੋਨਾ ਰੋਕੂ ਟੀਕਾ ਇਸ ਉਮਰ ਸਮੂਹ ਦੇ ਲਈ ਸੁਰੱਖਿਅਤ ਤੇ ਪ੍ਰਭਾਵੀ ਹੈ ਤੇ ਕਿਸੇ ਵੀ ਜੋਖਮ ਦੀ ਤੁਲਨਾ ’ਚ ਫਾਇਦਾ ਜ਼ਿਆਦਾ ਹੈ।” ਉਨ੍ਹਾਂ ਕਿਹਾ, “ਬ੍ਰਿਟੇਨ ’ਚ ਪ੍ਰਵਾਨਿਤ ਸਾਰੇ ਟੀਕਿਆਂ ਲਈ ਸੁਰੱਖਿਆ ਦੀ ਨਿਗਰਾਨੀ ਦੀ ਇੱਕ ਵਿਆਪਕ ਰਣਨੀਤੀ ਹੈ ਅਤੇ ਇਸ ਨਿਗਰਾਨੀ ’ਚ 12-15 ਉਮਰ ਸਮੂਹ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਸੁਰੱਖਿਆ, ਗੁਣਵੱਤਾ ਤੇ ਪ੍ਰਭਾਵ ਨੂੰ ਲੈ ਕੇ ਮਿੱਥੇ ਮਾਪਦੰਡਾਂ ਨੂੰ ਪੂਰਾ ਕੀਤੇ ਬਿਨਾਂ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਐੱਮ. ਐੱਚ. ਆਰ. ਏ. ਨੇ ਕਿਹਾ ਕਿ ਟੀਕਾਕਰਨ ’ਤੇ ਸੰਯੁਕਤ ਕਮੇਟੀ (ਜੇ. ਸੀ. ਵੀ. ਆਈ.) ਹੁਣ ਫੈਸਲਾ ਕਰੇਗੀ ਕਿ ਕੀ ਇਸ ਉਮਰ ਸਮੂਹ ਨੂੰ ਟੀਕੇ ਦਿੱਤੇ ਜਾਣਗੇ ਜਾਂ ਨਹੀਂ। ਰੈਗੂਲੇਟਰ ਨੇ ਕਿਹਾ ਕਿ ਟੀਕੇ ਨਾਲ ਕੋਈ ਨਵੇਂ ਮਾੜੇ ਪ੍ਰਭਾਵ ਨਹੀਂ ਵੇਖੇ ਗਏ ਹਨ। ਬ੍ਰਿਟੇਨ ਦੇ ਮਨੁੱਖੀ ਦਵਾਈ ਬਾਰੇ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਪੀਰ ਮੁਹੰਮਦ ਨੇ ਕਿਹਾ ਕਿ ਇਸ ਪ੍ਰਯੋਗਾਤਮਕ ਪ੍ਰੀਖਣ ਵਿਚ 12 ਤੋਂ 14 ਸਾਲ ਉਮਰ ਦੇ 2000 ਤੋਂ ਜ਼ਿਆਦਾ ਬੱਚਿਆਂ ਨੇ ਹਿੱਸਾ ਲਿਆ। ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਹੁਣ ਜੇ. ਸੀ. ਵੀ. ਆਈ. ਇਸ ’ਤੇ ਸਲਾਹ ਦੇਵੇਗੀ ਕਿ ਟੀਕਾਕਰਨ ਪ੍ਰੋਗਰਾਮ ’ਚ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇ ਜਾਂ ਨਹੀਂ। ਯੂ. ਕੇ. ’ਚ ਦਸੰਬਰ 2020 ’ਚ 16 ਅਤੇ 17 ਸਾਲ ਦੇ ਬੱਚਿਆਂ ਲਈ ਫਾਈਜ਼ਰ-ਬਾਇਓਨਟੈੱਕ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ ਸੀ।


Manoj

Content Editor

Related News