ਕੈਨੇਡਾ ਦੇ ਫੈਸ਼ਨ ਕਾਰੋਬਾਰੀ 'ਤੇ ਲੱਗੇ ਜਿਣਸੀ ਸ਼ੋਸ਼ਣ ਦੇ ਦੋਸ਼
Wednesday, Dec 16, 2020 - 05:13 PM (IST)
ਟੋਰਾਂਟੋ- ਕੈਨੇਡਾ ਦੇ ਇਕ ਫੈਸ਼ਨ ਕਾਰੋਬਾਰੀ ਨੂੰ ਜਿਣਸੀ ਸ਼ੋਸ਼ਣ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਹਿਰਾਸਤ ਵਿਚ ਲਿਆ ਗਿਆ ਹੈ। ਅਮਰੀਕੀ ਨਿਆਂ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਪੀਟਰ ਨਿਆਗੇਡਰ ਨੂੰ ਕਈ ਜਿਣਸੀ ਸ਼ੋਸ਼ਣ ਮਾਮਲਿਆਂ, ਧੋਖਾਧੜੀ ਤੇ ਹੋਰ ਸਬੰਧਤ ਅਪਰਾਧਾਂ ਦੇ ਦੋਸ਼ਾਂ ਵਿਚ ਦੋਸ਼ੀ ਪਾਇਆ ਗਿਆ ਹੈ, ਜੋ ਉਸ ਨੇ ਕਥਿਤ ਤੌਰ 'ਤੇ ਪਿਛਲੇ ਕਈ ਸਾਲਾਂ ਵਿਚ ਕੀਤੇ ਸਨ।
ਨਿਆਂ ਵਿਭਾਗ ਨੇ ਕਿਹਾ ਕਿ ਵਾਸ਼ਿੰਗਟਨ ਵਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਬਾਅਦ ਕੈਨੇਡਾ ਪੁਲਸ ਨੇ ਸੋਮਵਾਰ ਨੂੰ ਕੈਨੇਡਾ ਦੇ ਵਿਨੀਪੈਗ ਸ਼ਹਿਰ ਤੋਂ ਨਿਆਗੇਡਰ ਨੂੰ ਹਿਰਾਸਤ ਵਿਚ ਲਿਆ।
ਉਸ ਨੂੰ ਅਮਰੀਕਾ ਵਿਚ ਹਵਾਲਗੀ ਲਈ ਅਤੇ ਟ੍ਰਾਇਲ ਲਈ ਭੇਜੇ ਜਾਣ ਦੀ ਉਮੀਦ ਹੈ। ਵਿਭਾਗ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਅਮਰੀਕਾ, ਬਹਾਮਾਸ, ਕੈਨੇਡਾ ਤੇ ਹੋਰ ਥਾਵਾਂ 'ਤੇ 10 ਤੋਂ ਵੱਧ ਪੀੜਤਾਂ ਨਾਲ ਇਕ ਦਹਾਕੇ ਤੋਂ ਲੰਬੇ ਸਮੇਂ ਤੱਕ ਜਿਣਸੀ ਸ਼ੋਸ਼ਣ ਕੀਤਾ। ਇਸ ਦੇ ਇਲਾਵਾ ਉਸ ਉੱਤੇ ਧੋਖਾਧੜੀ ਅਤੇ ਕੁੜੀਆਂ ਦੀ ਤਸਕਰੀ ਆਦਿ ਦੇ ਗੰਭੀਰ ਦੋਸ਼ ਲੱਗੇ ਹਨ। ਇਨ੍ਹਾਂ ਵਿਚੋਂ ਕਈ ਨਾਬਾਲਗ ਕੁੜੀਆਂ ਵੀ ਸਨ। 25 ਸਾਲ ਤੋਂ ਵੱਧ ਚੱਲ ਰਹੀ ਕੱਪੜਾ ਕੰਪਨੀ ਦੀ ਵਰਤੋਂ ਉਸ ਨੇ ਆਪਣੇ ਗਲਤ ਕੰਮਾਂ ਨੂੰ ਲੁਕੋਣ ਲਈ ਕੀਤੀ ਸੀ।