ਪਾਲਤੂ ਕੁੱਤੇ ਨੇ ਮਾਸੂਮ 'ਤੇ 23 ਵਾਰ ਹਮਲਾ ਕਰ ਲਈ ਜਾਨ
Wednesday, Jan 12, 2022 - 04:00 PM (IST)
ਲੰਡਨ (ਬਿਊਰੋ): ਇੰਗਲੈਂਡ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਯਾਜਲੇ ਵਿਚ ਇਕ ਪਾਲਤੂ ਕੁੱਤੇ ਨੇ ਆਪਣੇ ਮਾਲਕ ਦੇ ਨਵਜੰਮੇ ਬੱਚੇ ਨੂੰ ਮਾਰ ਦਿੱਤਾ। ਅਸਲ ਵਿਚ ਕੁੱਤੇ ਨੂੰ ਲੱਗਿਆ ਸੀ ਕਿ ਬੱਚਾ ਇਕ ਖਿਡੌਣਾ ਹੈ ਅਤੇ ਉਹ ਬੱਚੇ ਨੂੰ ਖਿਡੌਣਾ ਸਮਝ ਕੇ ਹੀ ਉਸ ਨਾਲ ਖੇਡ ਰਿਹਾ ਸੀ। ਇਸ ਦੌਰਾਨ ਕੁੱਤੇ ਨੇ ਬੱਚੇ ਦੇ ਸਿਰ 'ਤੇ 23 ਵਾਰ ਦੰਦਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਬੱਚਾ ਬੁਰੀ ਤਰ੍ਹਾਂ ਜਖਮੀ ਹੋ ਗਿਆ।
ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਸਮੇਂ ਬੱਚੇ ਦੀ ਮਾਂ ਵੀ ਸੋਫੇ 'ਤੇ ਉਸ ਨਾਲ ਸੁੱਤੀ ਪਈ ਸੀ। ਕੁੱਤੇ ਵੱਲੋਂ ਕੱਟੇ ਜਾਣ ਦੇ ਬਾਅਦ ਰੂਬੇਨ ਮੈਕਨਲਟੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਰੂਬੇਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਤਿੰਨ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਉਹ ਸਿਰਫ ਦੋ ਹਫ਼ਤੇ ਦਾ ਸੀ। ਹਾਲਾਂਕਿ ਇਹ ਘਟਨਾ ਦਸੰਬਰ 2018 ਦੀ ਹੈ ਪਰ ਇਸ ਮਾਮਲੇ ਵਿਚ ਹਾਲ ਹੀ ਵਿਚ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਵਿਚ ਰੂਬੇਨ ਦੇ ਮਾਤਾ-ਪਿਤਾ ਡੇਨੀਅਲ ਮੈਕਨਲਟੀ ਅਤੇ ਏਮੀ ਲਿਚਫੀਲਡ ਤੋਂ ਪੁੱਛਗਿੱਛ ਕੀਤੀ ਗਈ। ਉਹਨਾਂ ਤੋਂ ਪੁੱਛਿਆ ਗਿਆ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਲਾਪਰਵਾਹੀ ਕਿਉਂ ਵਰਤੀ।
'ਦੀ ਸਨ' ਦੀ ਖ਼ਬਰ ਮੁਤਾਬਕ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਰੂਬੇਨ ਦੇ ਮਾਤਾ-ਪਿਤਾ ਨੂੰ ਪਹਿਲਾਂ ਹੀ ਕੁਝ ਸਮਾਜਿਕ ਕਾਰਕੁਨਾਂ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਬੱਚੇ ਨੂੰ ਕਦੇ ਵੀ ਆਪਣੇ ਪਾਲਤੂ ਕੁੱਤਿਆਂ (ਫਿਜੀ ਅਤੇ ਡੋਟੀ) ਨਾਲ ਇਕੱਲੇ ਨਾ ਛੱਡਣ।ਅਸਲ ਵਿਚ 18 ਨਵੰਬਰ 2018 ਨੂੰ ਏਮੀ ਜਦੋਂ ਆਪਣੇ ਬੇਟੇ ਰੂਬੇਨ ਨਾਲ ਸੋਫੇ 'ਤੇ ਸੁੱਤੀ ਪਈ ਸੀ, ਉਦੋਂ ਡੇਨੀਅਲ ਕਿਸੇ ਕੰਮ ਕਾਰਨ ਬਾਹਰ ਗਿਆ ਹੋਇਆ ਸੀ। ਜਦੋਂ ਡੇਨੀਅਲ ਵਾਪਸ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਬੇਟੇ 'ਤੇ ਉਹਨਾਂ ਦੇ ਪਾਲਤੂ ਕੁੱਤੇ ਸਟੈਫੋਰਡਸ਼ਾਇਰ ਬੁੱਲ ਟੇਰੀਅਰ (ਡੋਟੀ) ਨੇ ਹਮਲਾ ਕਰ ਦਿੱਤਾ ਸੀ। ਡੇਨੀਅਲ ਨੇ ਤੁਰੰਤ 999 ਨੰਬਰ 'ਤੇ ਕਾਲ ਕੀਤੀ ਅਤੇ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਰਵਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸੈਂਟਰਲ ਕੌਸਟ 'ਚ 13 ਸਾਲਾ ਬੱਚੇ ਦਾ ਕਤਲ
ਉਹਨਾਂ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਉਹਨਾ ਦੇ ਬੇਟਾ ਰੋ ਰਿਹਾ ਸੀ ਅਤੇ ਉਸ ਦੇ ਸਿਰ ਵਿਚੋਂ ਖੂਨ ਨਿਕਲ ਰਿਹਾ ਸੀ। ਫਿਰ ਬੱਚੇ ਨੂੰ ਤੁਰੰਤ ਏਡੇਨਬਰੁੱਕ ਦੇ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਜਾਂਚ ਵਿਚ ਪਾਇਆ ਕਿ ਬੱਚੇ ਨੂੰ ਬ੍ਰੇਨ, ਸਪਾਈਨਲ ਅਤੇ ਸਕੱਲ ਇੰਜਰੀਜ਼ ਮਤਲਬ ਖੋਪੜੀ ਵਿਚ ਸੱਟਾਂ ਲੱਗੀਆਂ ਸਨ। ਇਲਾਜ ਦੌਰਾਨ ਹੀ 13 ਦਸੰਬਰ 2018 ਨੂੰ ਰੂਬੇਨ ਦੀ ਮੌਤ ਹੋ ਗਈ। ਇਕ ਪਸ਼ੂ ਡਾਕਟਰ ਫੋਰੇਂਸਿਕ ਮਾਹਰ ਸਾਈਮਨ ਨਿਉਬਰੀ ਨੇ ਦੱਸਿਆ ਕਿ ਕੁੱਤੇ ਨੇ ਬੱਚੇ ਨੂੰ ਛੋਟਾ ਸ਼ਿਕਾਰ ਜਾਂ ਖਿਡੌਣਾ ਸਮਝਿਆ ਅਤੇ ਉਹ ਉਸ ਨਾਲ ਖੇਡਣ ਦੀ ਕੋਸ਼ਿਸ਼ ਕਰਨ ਲੱਗਾ ਪਰ ਇਸ ਦੌਰਾਨ ਬੱਚੇ ਦੀ ਜਾਨ ਚਲੀ ਗਈ।