ਯੂਕੇ ''ਚ ਹਜ਼ਾਰਾਂ ਲੋਕਾਂ ਨੂੰ ਪੀ. ਸੀ. ਆਰ. ਕੋਵਿਡ ਟੈਸਟ ਦੇ ਗ਼ਲਤ ਨਤੀਜੇ ਦਿੱਤੇ ਗਏ

Saturday, Oct 16, 2021 - 04:04 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ.ਕੇ. ਵਿਚ ਇੰਗਲੈਂਡ ਅਤੇ ਵੇਲਜ਼ ਦੇ ਹਜ਼ਾਰਾਂ ਲੋਕਾਂ ਨੂੰ ਕੋਵਿਡ ਟੈਸਟ ਦੇ ਗ਼ਲਤ ਨੈਗੇਟਿਵ ਨਤੀਜੇ ਦਿੱਤੇ ਜਾਣ ਦੀ ਸ਼ੰਕਾ ਪ੍ਰਗਟ ਕੀਤੀ ਗਈ ਹੈ। ਇਸ ਸਬੰਧੀ ਯੂ.ਕੇ. ਦੀ ਸਿਹਤ ਸੁਰੱਖਿਆ ਏਜੰਸੀ ਅਨੁਸਾਰ ਅੰਦਾਜ਼ਨ 43,000 ਲੋਕਾਂ ਨੂੰ ਪੀ. ਸੀ. ਆਰ. ਕੋਵਿਡ ਟੈਸਟ ਦੇ ਗ਼ਲਤ ਨੈਗੇਟਿਵ ਨਤੀਜੇ ਦਿੱਤੇ ਗਏ ਹੋ ਸਕਦੇ ਹਨ। ਇਸ ਮਾਮਲੇ ਵਿਚ ਐੱਨ. ਐੱਚ. ਐੱਸ. ਟੈਸਟ ਅਤੇ ਟਰੇਸ ਨੇ ਵੁਲਵਰਹੈਂਪਟਨ ਵਿਚ ਆਪਣੀ ਪ੍ਰਯੋਗਸ਼ਾਲਾ 'ਚ ਇਮੇਂਸਾ ਹੈਲਥ ਕਲੀਨਿਕ ਲਿਮਟਿਡ ਵੱਲੋਂ ਮੁਹੱਈਆ ਕਰਵਾਏ ਗਏ ਟੈਸਟਿੰਗ ਕਾਰਜਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਕਾਰਵਾਈ ਕਈ ਲੋਕਾਂ ਵੱਲੋਂ ਨੈਗੇਟਿਵ ਪੀ. ਸੀ. ਆਰ. ਟੈਸਟ ਦੇ ਨਤੀਜੇ ਪ੍ਰਾਪਤ ਕਰਨ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਤੋਂ ਬਾਅਦ ਕੀਤੀ ਗਈ ਹੈ, ਜਦੋਂ ਕਿ ਉਨ੍ਹਾਂ ਨੇ ਪਹਿਲਾਂ ਪਾਜ਼ੇਟਿਵ ਲੇਟਰਲ ਫਲੋਅ ਟੈਸਟ ਕੀਤਾ ਸੀ। ਇਹ ਗ਼ਲਤੀਆਂ 8 ਸਤੰਬਰ ਅਤੇ 12 ਅਕਤੂਬਰ ਦੇ ਵਿਚਕਾਰ ਲੋਕਾਂ ਨੂੰ ਦਿੱਤੇ ਗਏ ਟੈਸਟ ਦੇ ਨਤੀਜਿਆਂ ਨਾਲ ਸਬੰਧਤ ਹਨ, ਜੋ ਮੁੱਖ ਤੌਰ 'ਤੇ ਇੰਗਲੈਂਡ ਦੇ ਦੱਖਣ-ਪੱਛਮ, ਦੱਖਣ-ਪੂਰਬ ਅਤੇ ਵੇਲਜ਼ ਦੇ ਕੁੱਝ ਮਾਮਲਿਆਂ ਨਾਲ ਜੁੜੇ ਹਨ। ਯੂਕੇ ਐੱਚ. ਐੱਸ. ਏ. ਅਨੁਸਾਰ ਟੈਸਟ ਕਿੱਟਾਂ ਵਿਚ ਕੋਈ ਤਕਨੀਕੀ ਸਮੱਸਿਆਵਾਂ ਨਹੀਂ ਹੈ ਅਤੇ ਲੋਕਾਂ ਨੂੰ ਆਮ ਵਾਂਗ ਟੈਸਟ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਗ਼ਲਤ ਨਤੀਜੇ ਕਿਉਂ ਅਤੇ ਕਿਵੇਂ ਦਿੱਤੇ ਗਏ। ਐੱਨ. ਐੱਚ. ਐੱਸ. ਟੈਸਟ ਅਤੇ ਟਰੇਸ ਦਾ ਅਨੁਮਾਨ ਹੈ ਕਿ ਲਗਭਗ 400,000 ਨਮੂਨਿਆਂ ਦੀ ਇਸ ਪ੍ਰਯੋਗਸ਼ਾਲਾ ਵੱਲੋਂ ਜਾਂਚ ਕੀਤੀ ਗਈ ਹੈ, ਪਰ ਨਵੇਂ ਨਮੂਨਿਆਂ ਨੂੰ ਹੁਣ ਹੋਰ ਪ੍ਰਯੋਗਸ਼ਾਲਾਵਾਂ ਵਿਚ ਭੇਜਿਆ ਜਾ ਰਿਹਾ ਹੈ। ਟੈਸਟ ਅਤੇ ਟਰੇਸ ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਜੋ ਅਜੇ ਵੀ ਵਾਇਰਸ ਪੀੜਤ ਹੋ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਦੂਸਰਾ ਟੈਸਟ ਲੈਣ ਦੀ ਸਲਾਹ ਦਿੱਤੀ ਜਾ ਸਕੇ।


cherry

Content Editor

Related News