ਯੂ. ਕੇ. ਦੇ ਹਸਪਤਾਲਾਂ ''ਚੋਂ ਮਰੀਜ਼ਾਂ ਨੂੰ ਕੀਤਾ ਜਾਵੇਗਾ ਹੋਟਲਾਂ ''ਚ ਤਬਦੀਲ

01/13/2021 2:18:04 PM

ਗਲਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ ਹਸਪਤਾਲ ਇਸ ਸਮੇਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ, ਬਿਸਤਰਿਆਂ ਅਤੇ ਸਿਹਤ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਹਸਪਤਾਲਾਂ ਵਿਚ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਜਗ੍ਹਾ ਦਾ ਪ੍ਰਬੰਧ ਕਰਨ ਦੇ ਮੰਤਵ ਨਾਲ ਹਸਪਤਾਲਾਂ ਦੇ ਕੋਰੋਨਾ ਅਤੇ ਹੋਰ ਮਰੀਜ਼ਾਂ ਨੂੰ ਹੋਟਲ, ਦੇਖਭਾਲ ਘਰ ਜਾਂ ਉਨ੍ਹਾਂ ਦੇ ਆਪਣੇ ਘਰਾਂ ਵਿਚ ਤਬਦੀਲ ਕੀਤਾ ਜਾਵੇਗਾ। 

ਇੰਗਲੈਂਡ ਦੇ ਹਸਪਤਾਲ ਪ੍ਰਬੰਧਕਾਂ ਅਨੁਸਾਰ ਵਾਧੂ ਐਮਰਜੈਂਸੀ ਸਮਰੱਥਾ ਪੈਦਾ ਕਰਨ ਲਈ ਮਰੀਜ਼ਾਂ ਦੀ ਛੇਤੀ ਛੁੱਟੀ ਕਰਨੀ ਸ਼ੁਰੂ ਕੀਤੀ ਜਾਵੇਗੀ। ਇਸ ਸੰਬੰਧੀ ਐੱਨ.ਐੱਚ.ਐੱਸ ,ਕੇਅਰ ਹੋਮਜ਼ ਨੂੰ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਸਿੱਧੇ ਹੀ ਬਗੈਰ ਕਿਸੇ ਨਕਾਰਾਤਮਕ ਟੈਸਟ ਦੇ ਤਬਦੀਲ ਕਰਨ ਦੀ ਪ੍ਰਕਿਰਿਆ ਬਾਰੇ ਗੱਲਬਾਤ ਕਰ ਰਹੇ ਹਨ। ਇਸ ਨਵੀਂ "ਘਰ ਅਤੇ ਹੋਟਲ" ਯੋਜਨਾ ਤਹਿਤ, ਤਬਦੀਲ ਹੋਣ ਵਾਲੇ ਮਰੀਜ਼ਾਂ ਨੂੰ ਕਈ ਸੰਸਥਾਵਾਂ ਜਿਵੇਂ ਸੇਂਟ ਜਾਨ ਐਂਬੂਲੈਂਸ, ਬ੍ਰਿਟਿਸ਼ ਰੈਡ ਕਰਾਸ, ਹਥਿਆਰਬੰਦ ਬਲਾਂ ਦੇ ਮੈਡੀਕਲ ਕਰਮਚਾਰੀ ਅਤੇ ਸਿਹਤ ਵਿਭਾਗ ਦੇ ਸਟਾਫ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਸ ਯੋਜਨਾ ਤਹਿਤ ਲੰਡਨ ਹੋਟਲ ਸਮੂਹ (ਐੱਲ. ਐੱਚ. ਜੀ.) ਨੇ ਲੰਡਨ ਦੇ ਕਿੰਗਜ਼ ਕਾਲਜ ਹਸਪਤਾਲ ਤੋਂ ਬੇਘਰ ਕੋਰੋਨਾ ਪਾਜ਼ੇਟਿਵ ਮਰੀਜ਼ਾ ਨੂੰ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਕ੍ਰੋਏਡਨ ਦੇ ਇਕ ਹੋਟਲ ਵਿਚ ਉਨ੍ਹਾਂ ਦੀ ਦੇਖ ਭਾਲ ਕਰ ਰਹੇ ਹਨ। ਇਸ ਹੋਟਲ ਸਮੂਹ ਦੀ 20 ਹੋਰ ਐੱਨ. ਐੱਚ. ਐੱਸ. ਟਰੱਸਟਾਂ ਨਾਲ ਹੋ ਰਹੀ ਗੱਲਬਾਤ ਅਨੁਸਾਰ ਉਨ੍ਹਾਂ ਨੂੰ 5,000 ਬੈੱਡ ਮੁਹੱਈਆ ਕਰਵਾਏ ਜਾ ਸਕਦੇ ਹਨ। ਵਾਇਰਸ ਦੀ ਲਾਗ ਵਿਚ ਲਗਾਤਾਰ ਹੋ ਰਹੇ ਵਾਧੇ ਨਾਲ ਦੇਸ਼ ਦੇ ਹਸਪਤਾਲਾਂ ਵਿੱਚ ਤਕਰੀਬਨ 35,000 ਤੋਂ ਵੱਧ ਕੋਵਿਡ ਮਰੀਜ਼ ਦਾਖਲ ਹਨ ਅਤੇ ਇਸ ਗਿਣਤੀ ਵਿੱਚ ਪਿਛਲੇ ਹਫ਼ਤੇ ਦੌਰਾਨ 6,213 ਮਰੀਜ਼ਾਂ ਦਾ ਇਜ਼ਾਫਾ ਹੋਇਆ ਹੈ।


Lalita Mam

Content Editor

Related News