ਰੋਂਦੇ ਪਿਤਾ ਨੇ ਕੀਤੀ ਭਾਵੁਕ ਅਪੀਲ, ਕਿਹਾ— 'ਪੁੱਤ ਘਰ ਵਾਪਸ ਆ ਜਾ'

10/10/2017 7:00:41 PM

ਓਨਟਾਰੀਓ (ਬਿਊਰੋ)—  ਕੈਨੇਡਾ ਦੇ ਓਨਟਾਰੀਓ 'ਚ ਇਕ 38 ਸਾਲਾ ਯੂਜੀਨ ਕਿਮ ਨਾਂ ਦਾ ਵਿਅਕਤੀ ਰਹੱਸਮਈ ਢੰਗ ਨਾਲ ਲਾਪਤਾ ਹੋ ਗਿਆ ਹੈ। ਉਸ ਦੇ ਮਾਤਾ-ਪਿਤਾ ਨੇ ਭਾਵੁਕ ਕਰਨ ਦੇਣ ਵਾਲੀ ਅਪੀਲ ਕੀਤੀ ਹੈ। ਯੂਜੀਨ ਦੇ ਪਿਤਾ ਯੇਨ ਸੂ ਕਿਮ ਨੇ ਰੋਂਦੇ ਹੋਏ ਭਾਵੁਕ ਅਪੀਲ ਕੀਤੀ ਹੈ, ''ਪੁੱਤਰ ਹੁਣ ਤਾਂ ਘਰ ਵਾਪਸ ਆ ਜਾ।'' ਪਿਤਾ ਨੇ ਕਿਹਾ ਕਿ ਪੁੱਤਰ ਯੂਜੀਨ ਤੂੰ ਜਿੱਥੇ ਵੀ ਹੈ, ਜੇਕਰ ਸਾਨੂੰ ਸੁਣ ਰਿਹਾ ਹੈ ਤਾਂ ਕ੍ਰਿਪਾ ਕਰ ਕੇ ਘਰ ਵਾਪਸ ਆ ਜਾ। ਯੂਜੀਨ ਦੀ ਮਾਂ ਮਾਯੁਗ ਨੇ ਕਿਹਾ ਕਿ ਤੈਨੂੰ ਪਤਾ ਹੈ ਕਿ ਅਸੀਂ ਤੈਨੂੰ ਕਿੰਨਾ ਪਿਆਰ ਕਰਦੇ ਹਾਂ।
ਯੂਜੀਨ ਦਾ ਪਰਿਵਾਰ ਓਨਟਾਰੀਓ 'ਚ ਰਹਿੰਦਾ ਹੈ ਅਤੇ ਉਹ ਦੋ ਬੱਚਿਆਂ ਦਾ ਪਿਤਾ ਹੈ। ਯੂਜੀਨ ਨੂੰ ਆਖਰੀ ਵਾਰ ਉਸ ਦੇ ਪਰਿਵਾਰ ਨੇ 2 ਅਕਤੂਬਰ ਸੋਮਵਾਰ ਦੀ ਸਵੇਰ ਨੂੰ ਦੇਖਿਆ ਸੀ। ਉਸ ਨੇ ਘਰੋਂ ਜਾਂਦੇ ਸਮੇਂ ਕਿਹਾ ਸੀ ਕਿ ਉਹ ਬਿਜ਼ਨੈੱਸ ਮੀਟਿੰਗ ਲਈ ਜਾ ਰਿਹਾ ਹੈ। ਪੁਲਸ ਨੇ ਕਿਹਾ ਕਿ ਯੂਜੀਨ ਦੇ ਸੈੱਲ ਫੋਨ ਦਾ ਓਨਟਾਰੀਓ ਦੇ ਨੌਰਥ ਬੇਅ ਤੋਂ ਪਤਾ ਲਾਇਆ ਗਿਆ। ਯੂਜੀਨ ਨੇ ਆਪਣੀ ਪਤਨੀ ਨੂੰ ਉਸ ਰਾਤ ਫੋਨ ਕੀਤਾ ਸੀ ਅਤੇ ਕਿਹਾ ਕਿ ਉਹ ਛੇਤੀ ਹੀ ਪਰਤ ਆਵੇਗਾ। ਯੂਜੀਨ ਦਾ ਪਰਿਵਾਰ ਵੱਡੀ ਪਰੇਸ਼ਾਨੀ ਵਿਚ ਹੈ ਕਿ ਉਹ ਸਾਨੂੰ ਬਿਨਾਂ ਦੱਸੇ ਚੱਲਾ ਗਿਆ। ਯੂਜੀਨ ਦੀ ਮਾਂ ਨੇ ਕਿਹਾ ਕਿ ਉਸ ਦੇ ਬੱਚੇ ਉਸ ਨੂੰ ਰੋਜ਼ ਭਾਲਦੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਲਾਪਤਾ ਹੋ ਗਿਆ ਹੈ। ਯੂਜੀਨ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕੋਈ ਪਰੇਸ਼ਾਨੀ ਨਹੀਂ ਸੀ। 
ਓਧਰ ਪੁਲਸ ਵੀ ਯੂਜੀਨ ਦੀ ਭਾਲ 'ਚ ਜੁਟੀ ਹੋਈ ਹੈ। ਪੁਲਸ ਮੁਤਾਬਕ ਯੂਜੀਨ ਦਾ ਕੱਦ 5 ਫੁੱਟ 9 ਇੰਚ ਹੈ ਅਤੇ ਉਸ ਦਾ ਵਜ਼ਨ 185 ਪੌਂਡ ਹੈ। ਉਸ ਦੇ ਵਾਲ ਕਾਲੇ ਅਤੇ ਉਸ ਨੇ ਨਜ਼ਰ ਦੀ ਐਨਕ ਲਾਈ ਹੋਈ ਹੈ। ਉਸ ਨੂੰ ਆਖਰੀ ਵਾਰ ਕਾਲੇ ਰੰਗ ਦੀ ਕਾਰ 'ਚ ਡਰਾਈਵਿੰਗ ਕਰਦੇ ਦੇਖਿਆ ਗਿਆ ਸੀ।


Related News