ਲਾਹੌਰ ਪ੍ਰੈੱਸ ਕਲੱਬ ਤੋਂ ਪੰਨੂ ਦਾ ਵੱਡਾ ਐਲਾਨ, ‘Sikh Homeland Security’ ਬਣਾਉਣ ਦਾ ਦਾਅਵਾ

Friday, Aug 14, 2026 - 08:29 AM (IST)

ਲਾਹੌਰ ਪ੍ਰੈੱਸ ਕਲੱਬ ਤੋਂ ਪੰਨੂ ਦਾ ਵੱਡਾ ਐਲਾਨ, ‘Sikh Homeland Security’ ਬਣਾਉਣ ਦਾ ਦਾਅਵਾ

ਲਾਹੌਰ/ਵਾਸ਼ਿੰਗਟਨ (ਸਰਬਜੀਤ ਸਿੰਘ ਬਨੂੜ) : ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਚਲਾ ਰਹੀ ਸਿੱਖਸ ਫਾਰ ਜਸਟਿਸ (SFJ) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਲਾਹੌਰ ਪ੍ਰੈੱਸ ਕਲੱਬ ਦੇ “Meet The Press” ਮੰਚ ਰਾਹੀਂ “Sikh Homeland Security” (SHS) ਨਾਂ ਹੇਠ ਸਿੱਖਾਂ ਦੀ ਸੁਰੱਖਿਆ ਲਈ ਇੱਕ ਨਵਾਂ ਢਾਂਚਾ ਕਾਇਮ ਕਰਨ ਦਾ ਐਲਾਨ ਕੀਤਾ ਹੈ। ਪੰਨੂ ਨੇ ਇਸ ਪਹਿਲ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਸਵੈ-ਨਿਰਣੇ ਦੇ ਸਿਧਾਂਤ ਨਾਲ ਜੋੜਦਿਆਂ ਇਸ ਨੂੰ ਇੱਕ “ਡਿਫੈਂਸਿਵ ਫੋਰਸ” ਵਜੋਂ ਪੇਸ਼ ਕੀਤਾ ਹੈ।

ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਦਾਅਵਾ ਕੀਤਾ ਕਿ “Sikh Homeland Security” ਦਾ ਮਕਸਦ ਕਿਸੇ ਵਿਰੁੱਧ ਹਮਲਾਵਰ ਕਾਰਵਾਈ ਕਰਨਾ ਨਹੀਂ, ਸਗੋਂ ਸਿੱਖਾਂ ਦੀ ਸੁਰੱਖਿਆ ਲਈ ਇੱਕ ਰੱਖਿਆਤਮਕ ਢਾਂਚੇ ਵਜੋਂ ਕੰਮ ਕਰਨਾ ਹੋਵੇਗਾ। ਉਸ ਨੇ ਇਸ ਪਹਿਲ ਨੂੰ ਸਿੱਖਾਂ ਦੇ ਸਵੈ-ਨਿਰਣੇ ਦੇ ਹੱਕ ਨਾਲ ਵੀ ਜੋੜਿਆ। ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਖ਼ਾਲਿਸਤਾਨ ਦੇ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਦਿਆਂ ਕਿਹਾ ਕਿ ਸਿੱਖਾਂ ਦੇ ਰਾਜਨੀਤਕ ਭਵਿੱਖ ਦਾ ਫ਼ੈਸਲਾ ਸਵੈ-ਨਿਰਣੇ ਦੇ ਸਿਧਾਂਤ ਤਹਿਤ ਹੋਣਾ ਚਾਹੀਦਾ ਹੈ। ਉਸ ਨੇ ਵੱਖ-ਵੱਖ ਦੇਸ਼ਾਂ ਵਿੱਚ ਚਲਾਈ ਜਾ ਰਹੀ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਵੀ ਇਸੇ ਰਾਜਨੀਤਕ ਮੰਗ ਦਾ ਹਿੱਸਾ ਦੱਸਿਆ। ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਨੇ 10 ਅਗਸਤ 2025 ਨੂੰ ਵੀ ਲਾਹੌਰ ਪ੍ਰੈੱਸ ਕਲੱਬ ਦੇ “Meet The Press” ਪ੍ਰੋਗਰਾਮ ਨੂੰ ਵਾਸ਼ਿੰਗਟਨ ਤੋਂ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ ਸੀ। ਉਸ ਸਮੇਂ ਉਸ ਵੱਲੋਂ ਪ੍ਰਸਤਾਵਿਤ ਖ਼ਾਲਿਸਤਾਨ ਦਾ ਨਵਾਂ ਨਕਸ਼ਾ ਵੀ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਯੂਕ੍ਰੇਨ ਨੇ ਰੂਸ 'ਤੇ ਕੀਤਾ ਡਰੋਨ ਹਮਲਾ ! 1,300 KM ਦੂਰ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ

ਭਾਰਤ ਸਰਕਾਰ ਅਤੇ SFJ ਦਾ ਖ਼ਾਲਿਸਤਾਨ ਰੈਫਰੈਂਡਮ ਦੇ ਮੁੱਦੇ ’ਤੇ ਰੁਖ ਇੱਕ-ਦੂਜੇ ਦੇ ਬਿਲਕੁਲ ਉਲਟ ਹੈ। ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ ਨੂੰ UAPA ਤਹਿਤ ਪਾਬੰਦੀਸ਼ੁਦਾ ਸੰਗਠਨ ਐਲਾਨਿਆ ਹੋਇਆ ਹੈ ਅਤੇ ਪੰਨੂ ਸਮੇਤ ਪੱਤਰਕਾਰਾਂ , ਵਕੀਲਾਂ ਤੇ ਦਰਜਨਾਂ ਕਾਰਕੁਨਾਂ ਤੇ UAPA ਤਹਿਤ ਐਨ ਆਈ ਏ ਵੱਲੋਂ ਦੇਸ਼ ਦੇ ਦੁਸ਼ਮਣ ਕਹਿ ਕੇਸ ਦਰਜ ਹਨ। ਪੰਨੂੰ ਅਤੇ SFJ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਵਿੱਚ ਭਾਰਤੀ ਜਾਂਚ ਏਜੰਸੀਆਂ ਵੱਲੋਂ ਕਾਨੂੰਨੀ ਕਾਰਵਾਈਆਂ ਵੀ ਕੀਤੀਆਂ ਗਈਆਂ ਹਨ। ਦੂਜੇ ਪਾਸੇ ਪੰਨੂ ਅਤੇ SFJ ਆਪਣੀ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਨੂੰ ਸਿੱਖਾਂ ਦੇ ਸਵੈ-ਨਿਰਣੇ ਨਾਲ ਜੁੜੀ ਅਹਿੰਸਕ ਅਤੇ ਲੋਕਤੰਤਰੀ ਰਾਜਨੀਤਕ ਮੁਹਿੰਮ ਵਜੋਂ ਪੇਸ਼ ਕਰਦੇ ਆ ਰਹੇ ਹਨ।

“Sikh Homeland Security” ਦੇ ਐਲਾਨ ਨਾਲ ਹੁਣ ਇਸ ਮੁਹਿੰਮ ਵਿੱਚ ਸਿੱਖਾਂ ਦੀ ਸੁਰੱਖਿਆ ਨਾਲ ਜੁੜਿਆ ਇੱਕ ਨਵਾਂ ਪਹਿਲੂ ਵੀ ਸਾਹਮਣੇ ਆਇਆ ਹੈ। ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਭਾਰਤ ਸਮੇਤ ਉਨ੍ਹਾਂ ਦੇਸ਼ਾਂ ਵਿੱਚ ਵੀ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਸਕਦੀ ਹੈ, ਜਿੱਥੇ SFJ ਆਪਣੀਆਂ ਸਰਗਰਮੀਆਂ ਅਤੇ ਰੈਫਰੈਂਡਮ ਮੁਹਿੰਮ ਚਲਾ ਰਹੀ ਹੈ। ਲਾਹੌਰ ਪ੍ਰੈੱਸ ਕਲੱਬ ਤੋਂ ਹੋਏ ਇਸ ਐਲਾਨ ਤੋਂ ਬਾਅਦ ਹੁਣ ਨਜ਼ਰ ਇਸ ਗੱਲ ’ਤੇ ਰਹੇਗੀ ਕਿ “Sikh Homeland Security” ਸਿਰਫ਼ ਇੱਕ ਸਿਆਸੀ ਐਲਾਨ ਤੱਕ ਸੀਮਤ ਰਹਿੰਦੀ ਹੈ ਜਾਂ SFJ ਇਸ ਦੀ ਬਣਤਰ, ਮੈਂਬਰਸ਼ਿਪ, ਕਾਰਜ-ਖੇਤਰ ਅਤੇ ਕਾਨੂੰਨੀ ਹੈਸੀਅਤ ਬਾਰੇ ਕੋਈ ਰਸਮੀ ਖਾਕਾ ਵੀ ਸਾਹਮਣੇ ਲਿਆਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News