ਮਸ਼ਹੂਰ ਕੈਨੇਡੀਅਨ ਅਦਾਕਾਰ ਪਾਮੇਲਾ ਨੇ ਮੋਦੀ ਨੂੰ ਲਿਖੀ ਚਿੱਠੀ, ਜਤਾਈ ਇਹ ਖੁਆਇਸ਼

11/30/2019 4:59:16 PM

ਨਿਊਯਾਰਕ/ਓਟਾਵਾ- ਕੈਨੇਡੀਅਨ ਅਦਾਕਾਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖਾਸ ਚਿੱਠੀ ਲਿਖੀ ਹੈ। ਇਸ ਅਦਾਕਾਰਾ ਨੇ ਆਪਣੀ ਚਿੱਠੀ ਵਿਚ ਦਿੱਲੀ ਤੇ ਪੂਰੇ ਭਾਰਤ ਵਿਚ ਵਧਦੇ ਪ੍ਰਦੂਸ਼ਣ ਦੇ ਨਾਲ ਹੀ ਜਾਨਵਰਾਂ ਦੀ ਹਾਲਤ 'ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਪਲੇਅਬੁਆਏ ਤੇ ਫਿਰ ਬੇਅਵਾਚ ਨਾਲ ਮਸ਼ਹੂਰ ਹੋਈ ਮਾਡਲ ਤੇ ਅਦਾਕਾਰਾ ਪਾਮੇਲਾ ਐਂਡਰਸਨ ਹੈ।

ਪਾਮੇਲਾ ਕਰੀਬ 9 ਸਾਲ ਪਹਿਲਾਂ ਭਾਰਤ ਆਈ ਸੀ ਤੇ ਉਸ ਨੇ ਹਮੇਸ਼ਾ ਹੀ ਦੇਸ਼ ਦੀ ਸੰਸਕ੍ਰਿਤੀ ਦੀ ਸ਼ਲਾਘਾ ਕੀਤੀ ਹੈ। ਪਾਮੇਲਾ ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਦੀ ਸਨਮਾਨਿਤ ਡਾਇਰੈਕਟਰ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਵਿਚ ਸ਼ਾਕਾਹਾਰੀ ਖਾਣੇ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਭਾਰਤ ਵਿਚ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਦੇ ਅਸਰ 'ਤੇ ਵੀ ਰੋਕ ਲਾਉਣੀ ਚਾਹੀਦੀ ਹੈ। ਪਾਮੇਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਦੁੱਧ ਦੀ ਥਾਂ ਸੋਇਆ ਨਾਲ ਬਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ। ਇਸ ਤੋਂ ਇਲਾਵਾ ਮੀਟ 'ਤੇ ਬੈਨ ਲਗਾਉਣ ਤੋਂ ਇਲਾਵਾ ਜਾਨਵਰਾਂ ਨਾਲ ਬਣੇ ਦੂਜੇ ਉਤਪਾਦਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਪਾਮੇਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਸਰਕਾਰੀ ਮੀਟਿੰਗਾਂ ਵਿਚ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਪਾਮੇਲਾ ਦੀ ਮੰਨੀਏ ਤਾਂ ਜਾਨਵਰਾਂ ਨੂੰ ਡੇਅਰੀ, ਮੀਟ ਤੇ ਅੰਡਿਆਂ ਦੇ ਲਈ ਪਾਲਣ ਦਾ ਮਤਲਬ ਹਰ ਪੰਜ ਵਿਚੋਂ ਇਕ ਇਨਸਾਨ ਦਾ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਯੋਗਦਾਨ ਦੇਣ ਬਰਾਬਰ ਹੈ। ਉਹਨਾ ਨੇ ਲਿਖਿਆ ਕਿ ਅੱਜ ਦੀ ਤਰੀਕ ਵਿਚ ਮੀਟ ਤੇ ਡੇਅਰੀ ਕੰਪਨੀਆਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਪ੍ਰਦੂਸ਼ਕ ਬਣ ਚੁੱਕੀਆਂ ਹਨ ਤੇ ਯੂਨਾਈਟੇਡ ਨੇਸ਼ਨਸ ਦੇ ਵਲੋਂ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਵੀਗਨ ਟ੍ਰੈਂਡ ਨੂੰ ਬੜਾਵਾ ਦੇ ਕੇ ਕਲਾਈਮੇਟ ਚੇਂਜ ਨਾਲ ਨਜਿੱਠਿਆ ਜਾ ਸਕਦਾ ਹੈ। ਇਹ ਇਕ ਵਿਕਲਪ ਨਹੀਂ ਬਲਕੀ ਲੋੜ ਹੈ।

ਇਸ ਦੌਰਾਨ ਪਾਮੇਲਾ ਨੇ ਮੋਦੀ ਨੂੰ ਨਿਊਜ਼ੀਲੈਂਡ, ਚੀਨ ਤੇ ਜਰਮਨੀ ਦੇ ਨਕਸ਼ੇਕਦਮ 'ਤੇ ਚੱਲਣ ਨੂੰ ਕਿਹਾ ਹੈ, ਜਿਹਨਾਂ ਨੇ ਮੀਟ ਦੀ ਵਰਤੋਂ ਨੂੰ ਹਰ ਸਰਕਾਰੀ ਪ੍ਰੋਗਰਾਮ ਵਿਚ ਬੈਨ ਕਰ ਦਿੱਤਾ ਹੈ। ਪਾਮੇਲਾ ਐਂਡਰਸਨ ਨੂੰ ਭਾਰਤੀ ਦਰਸ਼ਕਾਂ ਨੇ ਬਿੱਗ-ਬੌਸ ਦੇ ਚੌਥੇ ਸੀਜ਼ਨ ਵਿਚ ਦੇਖਿਆ ਸੀ। ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਅਜਿਹੀ ਹੀ ਚਿੱਠੀ ਲਿਖੀ ਹੈ।


Baljit Singh

Edited By Baljit Singh