ਭਾਰਤ ਖਿਲਾਫ ਐਫ-16 ਦੀ ਵਰਤੋਂ ਕਰਕੇ ਬੁਰਾ ਫਸਿਆ ਪਾਕਿ

03/02/2019 3:36:55 PM

ਵਾਸ਼ਿੰਗਟਨ (ਏਜੰਸੀ)- ਸਰਜੀਕਲ ਸਟ੍ਰਾਈਕ-2 ਤੋਂ ਬਾਅਦ ਭਾਰਤ ਨੂੰ ਜਵਾਬ ਦੇਣ ਲਈ ਪਾਕਿਸਤਾਨ ਨੇ ਅਮਰੀਕਾ ਵਿਚ ਬਣੇ ਐਫ-16 ਲੜਾਕੂ ਜਹਾਜ਼ ਦਾ ਇਸਤੇਮਾਲ ਕੀਤਾ। ਭਾਰਤ ਖਿਲਾਫ ਐਫ-16 ਲੜਾਕੂ ਜਹਾਜ਼ ਇਸਤੇਮਾਲ ਕਰਨ 'ਤੇ ਪਾਕਿਸਤਾਨ ਫੱਸ ਗਿਆ ਹੈ। ਐਫ-16 ਲੜਾਕੂ ਜੈਟ ਦੀ ਦੁਰਵਰਤੋਂ ਨੂੰ ਲੈ ਕੇ ਅਮਰੀਕਾ ਨੇ ਇਸ ਦੇ ਲਈ ਪਾਕਿਸਤਾਨ ਸਰਕਾਰ ਤੋਂ ਜਵਾਬ ਮੰਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਜਾਣਕਾਰੀ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਨੇ ਜਹਾਜ਼ ਸਮਝੌਤੇ ਦੀ ਉਲੰਘਣਾ ਕੀਤੀ ਹੈ। ਅਸੀਂ ਇਸ ਨਾਲ ਸਬੰਧਿਤ ਜਾਣਕਾਰੀ ਮੰਗ ਰਹੇ ਹਾਂ। ਓਧਰ, ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨ ਫਾਕਨਰ ਨੇ ਕਿਹਾ ਕਿ ਐਫ-16 ਲੜਾਕੂ ਜਹਾਜ਼ ਦੇ ਸਮਝੌਤੇ ਦੀ ਜਾਣਕਾਰੀ ਨੂੰ ਅਸੀਂ ਜਨਤਕ ਨਹੀਂ ਕਰ ਸਕਦੇ ਹਾਂ ਪਰ ਇਸ ਗੱਲ ਤੋਂ ਅਸੀਂ ਜਾਣੂੰ ਹਾਂ ਕਿ ਪਾਕਿਸਤਾਨ ਨੇ ਇਸ ਦੀ ਵਰਤੋਂ ਭਾਰਤ ਖਿਲਾਫ ਕੀਤੀ ਹੈ।

ਅਮਰੀਕਾ ਨੇ ਪਾਕਿਸਤਾਨ ਨੂੰ ਐਫ-16 ਜਹਾਜ਼ ਅੱਤਵਾਦੀ ਵਿਰੋਧੀ ਮੁਹਿੰਮ ਲਈ ਦਿੱਤਾ ਸੀ। 80 ਦੇ ਦਹਾਕੇ ਵਿਚ ਅਮਰੀਕਾ ਨੇ ਐਫ-16 ਜਹਾਜ਼ਾਂ ਨੂੰ ਪਾਕਿਸਤਾਨ ਨੂੰ ਦਿੱਤਾ ਸੀ। ਸ਼ਰਤਾਂ ਮੁਤਾਬਕ ਬਿਨਾਂ ਅਮਰੀਕਾ ਦੀ ਇਜਾਜ਼ਤ ਦੇ ਪਾਕਿਸਤਾਨ ਐਫ-16 ਲੜਾਕੂ ਜਹਾਜ਼ਾਂ ਦੀ ਵਰਤੋਂ ਫੌਜੀ ਕਾਰਵਾਈ ਵਿਚ ਨਹੀਂ ਕਰ ਸਕਦਾ। ਇਸ ਦੀ ਵਰਤੋਂ ਖੁਦ ਦੀ ਰੱਖਿਆ ਵਿਚ ਕੀਤਾ ਜਾ ਸਕਦਾ ਹੈ, ਪਰ ਹਮਲੇ ਲਈ ਨਹੀਂ।

ਭਾਰਤ ਨੇ ਇਸ ਨੂੰ ਲੈ ਕੇ ਕੁਝ ਸਬੂਤ ਮੁਹੱਈਆ ਕਰਵਾਏ ਹਨ ਜੋ ਇਹ ਦੱਸਦੇ ਹਨ ਕਿ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਣ ਵਾਲੇ ਲੜਾਕੂ ਜਹਾਜ਼ ਐਫ-16 ਹੀ ਸਨ। ਵੀਰਵਾਰ ਨੂੰ ਹਵਾਈ ਫੌਜ ਨੇ ਇਸ ਦੇ ਸਬੂਤ ਦਿੰਦੇ ਹੋਏ ਕੁਝ ਤਸਵੀਰਾਂ ਜਾਰੀ ਕੀਤੀਆਂ ਸਨ। ਇਹ ਤਸਵੀਰਾਂ ਪਹਿਲਾਂ ਪਾਕਿਸਤਾਨ ਵਲੋਂ ਦਿਖਾਈਆਂ ਗਈਆਂ ਸਨ ਅਤੇ ਇਸ ਜਹਾਜ਼ ਦੇ ਮਲਬੇ ਨੂੰ ਭਾਰਤੀ ਮਿਗ ਦੱਸਿਆ ਗਿਆ ਸੀ। ਹਵਾਈ ਫੌਜ ਦਾ ਕਹਿਣਾ ਹੈ ਕਿ ਇਹ ਮਲਬਾ ਉਸੇ ਐਫ-16 ਜਹਾਜ਼ ਦਾ ਜਿਸ ਨੂੰ ਭਾਰਤੀ ਜਹਾਜ਼ ਨੇ ਡੇਗ ਦਿੱਤਾ ਸੀ।


Sunny Mehra

Content Editor

Related News