ਪਾਕਿਸਤਾਨੀ ਸਰਕਾਰ ਤੋਂ ਪਰੇਸ਼ਾਨ ਬਲੋਚਾਂ ਨੇ ਲੰਡਨ ''ਚ ਕੀਤਾ ਵਿਰੋਧ ਪ੍ਰਦਰਸ਼ਨ

06/26/2019 10:55:37 AM

ਜੈਨੇਵਾ— ਪਾਕਿਸਤਾਨ ਦੇ ਕੁਝ ਲੋਕਾਂ ਦਾ ਦੋਸ਼ ਹੈ ਕਿ ਸੂਬੇ ਬਲੋਚਿਸਤਾਨ 'ਚ ਲੋਕਾਂ 'ਤੇ ਤਸ਼ੱਦਦ ਢਾਹੇ ਜਾ ਰਹੇ ਹਨ। ਇਕ ਬਲੋਚ ਅਧਿਕਾਰੀ ਨੇ ਕਿਹਾ ਕਿ ਸਰਕਾਰ ਖਿਲਾਫ ਵਿਰੋਧ ਨੂੰ ਕੁਚਲਣ ਲਈ ਬਲੋਚਾਂ, ਪਸ਼ਤੂਨਾਂ, ਮੁਜ਼ਾਹਿਰਾਂ, ਸਿੰਧੀਆਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਅਤੇ ਕਈ ਲੋਕਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਵੀ ਮਿਲੀਆਂ ਹਨ। 'ਬਲੋਚ ਰੀਪਬਲਿਕਨ ਪਾਰਟੀ' ਅਤੇ 'ਵਰਲਡ ਆਰਗੇਨਾਇਜ਼ੇਸ਼ਨ' ਨੇ ਐਤਵਾਰ ਨੂੰ ਲੰਡਨ 'ਚ ਪਾਕਿਸਤਾਨ ਦੇ ਮੈਚ ਦੌਰਾਨ ਲਾਰਡਸ ਕ੍ਰਿਕਟ ਸਟੇਡੀਅਮ ਦੇ ਬਾਹਰ ਪ੍ਰਦਰਸ਼ਨ ਕੀਤਾ। 

ਬਲੋਚ ਰੀਪਬਲਿਕਨ ਪਾਰਟੀ ਦੇ ਪ੍ਰਧਾਨ ਬ੍ਰਹਮਦਗ ਬੁਗਤੀ ਨੇ ਕਿਹਾ,''ਇਕ ਪਾਸੇ ਤਾਂ ਪਾਕਿਸਤਾਨ ਜ਼ਬਰਦਸਤੀ ਗਾਇਬ ਕੀਤੇ ਜਾਣ ਦੇ ਖਿਲਾਫ ਕੌਮਾਂਤਰੀ ਸਮਝੌਤੇ 'ਤੇ ਦਸਤਖਤ ਕਰਨ ਵਾਲੇ ਦੇਸ਼ਾਂ 'ਚ ਸ਼ਾਮਲ ਹੈ। ਉੱਥੇ ਹੀ ਦੂਜੇ ਪਾਸੇ ਉਹ ਲੋਕਾਂ ਨੂੰ ਅਗਵਾ ਕਰਨ 'ਚ ਲੱਗਾ ਹੈ। 'ਬਲੋਚ ਰੀਪਬਲਿਕਨ ਪਾਰਟੀ' ਅਤੇ 'ਵਰਲਡ ਬਲੋਚ ਆਰਗੇਨਾਇਜ਼ੇਸ਼ਨ' ਨੇ ਇਸ ਸਬੰਧ 'ਚ ਕੌਮਾਂਤਰੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ।''

ਬੁਗਤੀ ਨੇ ਕਿਹਾ,''ਅਸੀਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਪਾਕਿਸਤਾਨ 'ਚ ਬਲੋਚ ਅਤੇ ਹੋਰ ਲੋਕਾਂ ਨੂੰ ਗਾਇਬ ਕਰਨ ਖਿਲਾਫ ਕਾਰਵਾਈ ਕਰਨ। ਪਾਕਿਸਤਾਨ ਸਰਕਾਰ ਵਲੋਂ ਬਣਾਏ ਵਿਭਾਗ ਮੁਤਾਬਕ 2014 ਤੋਂ ਲੋਕਾਂ ਦੇ ਗਾਇਬ ਹੋਣ ਦੇ 5,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਪਰ ਸੁਤੰਤਰ ਸਥਾਨਕ ਅਤੇ ਕੌਮਾਂਤਰੀ ਸੰਸਥਾਵਾਂ ਮੁਤਾਬਕ ਗਾਇਬ ਹੋਣ ਵਾਲਿਆਂ ਦੀ ਗਿਣਤੀ 20 ਹਜ਼ਾਰ ਦੇ ਨੇੜੇ ਹੈ। ਇਨ੍ਹਾਂ 'ਚੋਂ 2,500 ਲੋਕਾਂ ਦੇ ਗੋਲੀਆਂ ਲੱਗਣ ਅਤੇ ਕਾਫੀ ਤਸ਼ੱਦਦਾਂ ਨੂੰ ਬਿਆਨ ਕਰਦੀਆਂ ਲਾਸ਼ਾਂ ਮਿਲੀਆਂ ਹਨ।


ਜ਼ਿਕਰਯੋਗ ਹੈ ਕਿ ਇਸ ਸਮੱਸਿਆ ਨਾਲ ਕੌਮਾਂਤਰੀ ਜਗਤ ਦਾ ਧਿਆਨ ਖਿੱਚਣ ਲਈ ਬਲੋਚ ਰੀਪਬਲਿਕਨ ਪਾਰਟੀ ਅਤੇ ਵਰਲਡ ਬਲੋਚ ਆਰਗੇਨਾਇਜ਼ੇਸ਼ਨ ਨੇ ਐਤਵਾਰ ਨੂੰ ਲੰਡਨ 'ਚ ਲਾਰਡਸ ਕ੍ਰਿਕਟ ਸਟੇਡੀਅਮ ਦੇ ਬਾਹਰ ਪ੍ਰਦਰਸ਼ਨ ਕੀਤੇ, ਉਸ ਸਮੇਂ ਵਿਸ਼ਵ ਕੱਪ 'ਚ ਪਾਕਿਸਤਾਨ ਦਾ ਉੱਥੇ ਮੈਚ ਚੱਲ ਰਿਹਾ ਸੀ। ਹਾਲਾਂਕਿ ਪਾਕਿਸਤਾਨ ਕ੍ਰਿਕਟ ਦੇ ਕੁਝ ਸਮਰਥਕਾਂ ਨੇ ਬਲੋਚਾਂ ਵਲੋਂ ਲਗਾਏ ਗਏ ਬੈਨਰ ਅਤੇ ਪੋਸਟਰ ਫਾੜ ਦਿੱਤੇ ਸਨ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸਟੇਡੀਅਮ 'ਚ ਅਧਿਕਾਰੀਆਂ ਨਾਲ ਪਾਕਿਸਤਾਨ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਵੀ ਮੈਚ ਦੇਖ ਰਹੇ ਸਨ। 


Related News