ਪਾਕਿ ਪੁਲਸ ਦਾ ਦਾਅਵਾ, ਖੈਬਰ ਪਖਤੂਨਖਵਾ ’ਚ ਮਾਰੇ ਗਏ ਤਿੰਨ ਅੱਤਵਾਦੀ
Thursday, Oct 21, 2021 - 03:31 PM (IST)
ਪੇਸ਼ਾਵਰ (ਭਾਸ਼ਾ)-ਪਾਕਿਸਤਾਨ ਪੁਲਸ ਨੇ ਦਾਅਵਾ ਕੀਤਾ ਹੈ ਕਿ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ’ਚ ਉਸ ਦੀ ਕਾਰਵਾਈ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਪਾਕਿਸਤਾਨ (ਟੀ. ਟੀ. ਪੀ.) ਦੇ ਤਿੰਨ ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਪੁਲਸ ਦੇ ਅੱਤਵਾਦੀ ਰੋਕੂ ਦਲ ਨੇ ਬੁੱਧਵਾਰ ਰਾਤ ਨੂੰ ਪੇਸ਼ਾਵਰ ਜ਼ਿਲ੍ਹੇ ਦੇ ਸ਼ਾਹਪੁਰ ਇਲਾਕੇ ’ਚ ਇਕ ਕੰਪਲੈਕਸ ’ਤੇ ਛਾਪਾ ਮਾਰਿਆ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਹੋਏ ਮੁਕਾਬਲੇ ’ਚ ਤਿੰਨ ਅੱਤਵਾਦੀ ਮਾਰੇ ਗਏ, ਜਦਕਿ ਕੁਝ ਹੋਰ ਫਰਾਰ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ’ਚ ਲੋੜੀਂਦੇ ਅੱਤਵਾਦੀ ਹਿਜ਼ਬੁੱਲ੍ਹਾ ਸ਼ਾਮਿਲ ਹੈ ਤੇ ਬਾਕੀ ਦੋ ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਬਚ ਕੇ ਭੱਜਣ ਵਾਲੇ ਬੰਦੂਕਧਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ’ਚ ਖੈਬਰ ਪਖਤੂਨਖਵਾ ਤੇ ਬਲੂਚਿਸਤਾਨ ਸੂਬਿਆਂ ’ਚ ਅੱਤਵਾਦੀ ਸਰਗਰਮੀਆਂ ’ਚ ਤੇਜ਼ੀ ਆਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਖੈਬਰ ਪਖਤੂਨਖਵਾ ਦੇ ਤਿਆਰਾ ਬੰਦਗਈ ਦੇ ਕਬਾਇਲੀ ਇਲਾਕੇ ’ਚ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ ਸੀ, ਜਿਸ ’ਚ ਘੱਟ ਤੋਂ ਘੱਟ ਚਾਰ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਸੀ।