ਪਾਕਿਸਤਾਨ ਦਾ ਵੱਡਾ ਫ਼ੈਸਲਾ, 'ਬਲਾਤਕਾਰੀ' ਨੂੰ ਨਪੁੰਸਕ ਬਣਾਉਣ ਦੀ ਦਿੱਤੀ ਮਨਜ਼ੂਰੀ
Thursday, Nov 18, 2021 - 05:26 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਕਈ ਬਲਾਤਕਾਰੀਆਂ ਦੇ ਦੋਸ਼ੀ ਜਿਨਸੀ ਅਪਰਾਧੀਆਂ ਨੂੰ ਸੰਸਦ ਵੱਲੋਂਂਇਕ ਨਵਾਂ ਕਾਨੂੰਨ ਪਾਸ ਕਰਨ ਤੋਂ ਬਾਅਦ ਰਸਾਇਣਿਕ ਤਰੀਕਿਆਂ ਨਾਲ ਨਪੁੰਸਕ ਬਣਾਏ ਜਾਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਦਮ ਦਾ ਉਦੇਸ਼ ਸਜ਼ਾਵਾਂ ਵਿਚ ਤੇਜ਼ੀ ਲਿਆਉਣਾ ਅਤੇ ਸਖ਼ਤ ਸਜ਼ਾ ਦੇਣਾ ਹੈ। ਇਹ ਬਿੱਲ ਦੇਸ਼ ਵਿਚ ਔਰਤਾਂ ਅਤੇ ਬੱਚਿਆਂ ਨਾਲ ਜਬਰ-ਜ਼ਿਨਾਹ ਦੀਆਂ ਘਟਨਾਵਾਂ ਵਿਚ ਹਾਲੀਆ ਵਾਧੇ ਅਤੇ ਅਪਰਾਧ ’ਤੇ ਪ੍ਰਭਾਵੀ ਰੂਪ ਨਾਲ ਰੋਕ ਲਗਾਉਣ ਦੀਆਂ ਵਧਦੀਆਂ ਮੰਗਾਂ ਦੇ ਮੱਦੇਨਜ਼ਰ ਲਿਆਂਦਾਂਗਿਆ ਹੈ। ਇਹ ਬਿੱਲ ਰਾਸ਼ਟਰਪਤੀ ਆਰਿਫ਼ ਅਲਵੀ ਦੇ ਪਾਕਿਸਤਾਨੀ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੇ ਕਰੀਬ 1 ਸਾਲ ਬਾਅਦ ਪਾਸ ਹੋਇਆ ਹੈ। ਬਿੱਲ ਵਿਚ ਦੋਸ਼ੀ ਦੀ ਸਹਿਮਤੀ ਨਾਲ ਉਸ ਨੂੰ ਰਸਾਇਣਿਕ ਤੌਰ ’ਤੇ ਨਪੁੰਸਕ ਬਣਾਉਣ ਅਤੇ ਜਲਦ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਦੇ ਗਠਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਹਾਦਸੇ 'ਚ ਮਾਰੀ ਗਈ ਭਾਰਤੀ ਵਿਦਿਆਰਥਣ ਦਾ ਹੋਇਆ ਸਸਕਾਰ, ਜਾਂਦੇ-ਜਾਂਦੇ ਕਰ ਗਈ ਇਹ ਨੇਕ ਕੰਮ
‘ਡਾਨ’ ਅਖ਼ਬਾਰ ਮੁਤਾਬਕ ਅਪਰਾਧਿਕ ਕਾਨੂੰਨ (ਸੋਧ) ਬਿੱਲ 2021 ਬਿੱਲ ਨੂੰ ਬੁੱਧਵਾਰ ਨੂੰ ਸੰਸਦ ਦੇ ਸਾਂਝੇ ਸੈਸ਼ਨ ਵਿਚ 33 ਹੋਰ ਬਿੱਲਾਂ ਦੇ ਨਾਲ ਪਾਸ ਕੀਤਾ ਗਿਆ। ਅਖ਼ਬਾਰ ਨੇ ਦੱਸਿਆ ਕਿ ਉਹ ਪਾਕਿਸਤਾਨ ਪੀਨਲ ਕੋਡ, 1860 ਅਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ, 1898 ਵਿਚ ਸੋਧ ਕਰਨਾ ਚਾਹੁੰਦਾ ਹੈ। ਬਿੱਲ ਦੇ ਅਨੁਸਾਰ ਰਸਾਇਣਿਕ ਤੌਰ ’ਤੇ ਨਪੁੰਸਕ ਬਣਾਉਣਾ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਵੱਲੋਂ ਬਣਾਏ ਗਏ ਨਿਯਮਾਂ ਤਹਿਤ ਸੂਚਿਤ ਕੀਤਾ ਜਾਂਦਾ ਹੈ। ਇਨ੍ਹਾਂ ਨਿਯਮਾਂ ਤਹਿਤ ਇਕ ਵਿਅਕਤੀ ਨੂੰ ਜਿਨਸੀ ਸੰਬੰਧ ਬਣਾਉਣ ਵਿਚ ਅਸਮਰਥ ਬਣਾ ਦਿੱਤਾ ਜਾਂਦਾ ਹੈ।
ਜਮਾਤ-ਏ-ਇਸਲਾਮੀ ਦੇ ਸੰਸਦ ਮੈਂਬਰ ਮੁਸ਼ਤਾਕ ਅਹਿਮਦ ਨੇ ਇਸ ਬਿੱਲ ਦਾ ਵਿਰੋਧ ਕੀਤਾ ਅਤੇ ਇਸ ਨੂੰ ਗੈਰ-ਇਸਲਾਮਿਕ ਅਤੇ ਸ਼ਰੀਆ ਦੇ ਵਿਰੁੱਧ ਦੱਸਿਆ। ਉਨ੍ਹਾਂ ਕਿਹਾ ਕਿ ਬਲਾਤਕਾਰੀ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਪਰ ਸ਼ਰੀਆ ਵਿਚ ਕਿਤੇ ਨਪੁੰਸਕ ਬਣਾਏ ਜਾਣ ਦਾ ਜ਼ਿਕਰ ਨਹੀਂ ਹੈ। ਰਸਾਇਣਿਕ ਤੌਰ ’ਤੇ ਨਪੁੰਸਕ ਬਣਾਉਣਾ ਜਿਨਸੀ ਕਿਰਿਆ ਨੂੰ ਘੱਟ ਕਰਨ ਲਈ ਦਵਾਈ ਦੀ ਵਰਤੋਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੱਖਣੀ ਕੋਰੀਆ, ਪੋਲੈਂਡ, ਚੈੱਕ ਗਣਰਾਜ ਅਤੇ ਅਮਰੀਕਾ ਦੇ ਕੁਝ ਸੂਬਿਆਂ ਵਿਚ ਇਹ ਸਜ਼ਾ ਦਾ ਕਾਨੂੰਨੀ ਰੂਪ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਜਿਨਸੀ ਹਮਲੇ ਜਾਂ ਬਲਾਤਕਾਰ ਦੇ 4 ਫ਼ੀਸਦੀ ਤੋਂ ਵੀ ਘੱਟ ਮਾਮਲਿਆਂ ਵਿਚ ਦੋਸ਼ ਸਾਬਤ ਹੁੰਦਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।