ਪੇਸ਼ਾਵਰ ਧਮਾਕੇ ’ਤੇ ਪਾਕਿ ਮੰਤਰੀ ਨੇ ਦਿਖਾਈ ਬੇਸ਼ਰਮੀ, ਭਾਰਤ ਖ਼ਿਲਾਫ਼ ਉਗਲਿਆ ਜ਼ਹਿਰ

Thursday, Feb 02, 2023 - 10:16 AM (IST)

ਇਸਲਾਮਾਬਾਦ (ਇੰਟ.)- ਪਾਕਿਸਤਾਨ ਜਦੋਂ ਵੀ ਅਸਫ਼ਲ ਹੁੰਦਾ ਹੈ ਤਾਂ ਉਹ ਭਾਰਤ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। ਉਸ ਕੋਲੋਂ ਜਦੋਂ ਆਪਣਾ ਘਰ ਨਹੀਂ ਸੰਭਾਲਿਆ ਜਾਂਦਾ ਤਾਂ ਉਹ ਭਾਰਤ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ। ਪੇਸ਼ਾਵਰ ’ਚ ਹੋਏ ਅੱਤਵਾਦੀ ਹਮਲੇ ’ਚ 101 ਲੋਕਾਂ ਦੀ ਮੌਤ ਲਈ ਹੁਣ ਪਾਕਿਸਤਾਨ ਦੀ ਸਰਕਾਰ ਭਾਰਤ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਉਹ ਵੀ ਉਦੋਂ ਜਦੋਂ ਪੇਸ਼ਾਵਰ ਮਸਜਿਦ ’ਚ ਹੋਏ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਇਕ ਧੜੇ ਨੇ ਲਈ ਹੈ ਪਰ ਫਿਰ ਵੀ ਪਾਕਿਸਤਾਨ ਦੇ ਰੱਖਿਆ ਮੰਤਰੀ ਭਾਰਤ ਖ਼ਿਲਾਫ਼ ਜ਼ਹਿਰ ਉਗਲ ਰਹੇ ਹਨ।

ਇਹ ਵੀ ਪੜ੍ਹੋ: ਕੈਲਾਸ਼ ਖੇਰ 'ਤੇ ਹੋਏ ਹਮਲੇ ਦਾ ਮਾਮਲਾ, ਤਰੁਣ ਚੁੱਘ ਨੇ ਗਾਇਕ ਨਾਲ ਮੁਲਾਕਾਤ ਕਰ ਦਿੱਤੀ ਹੈਲਥ ਅਪਡੇਟ

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਦੋਸ਼ ਲਾਇਆ ਕਿ ਭਾਰਤ ਅਫਗਾਨ ਸਰਹੱਦ ਤੋਂ ਅੱਤਵਾਦੀਆਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ’ਚ ਸਰਗਰਮ ਹੈ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਸਮੂਹ ਅਫਗਾਨਿਸਤਾਨ ਦੇ ਇਲਾਕਿਆਂ ’ਚ ਆਉਂਦੇ-ਜਾਂਦੇ ਹਨ ਅਤੇ ਪਾਕਿਸਤਾਨ ’ਚ ਪੁਲਸ ਚੌਕੀਆਂ ’ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ, ‘ਅਸੀਂ ਇਮਰਾਨ ਖ਼ਾਨ ਦੇ ਸ਼ਾਸਨ ਦੀਆਂ ਕਮਜ਼ੋਰ ਨੀਤੀਆਂ ਕਾਰਨ ਦੁਖੀ ਹਾਂ।’

ਇਹ ਵੀ ਪੜ੍ਹੋ: ਇੰਸਟਾਗ੍ਰਾਮ ਬਲੌਗਰ ਜੋੜੇ ਨੂੰ ਡਾਂਸ ਕਰਨਾ ਪਿਆ ਮਹਿੰਗਾ, ਅਦਾਲਤ ਨੇ 10 ਸਾਲ ਲਈ ਭੇਜਿਆ ਜੇਲ੍ਹ (ਵੀਡੀਓ)

ਖਵਾਜਾ ਆਸਿਫ ਨੇ ਅੱਗੇ ਕਿਹਾ ਕਿ ਪਿਛਲੀ ਪਾਕਿਸਤਾਨ ਸਰਕਾਰ ਦੀ ਤਰਫੋਂ ਆਈ. ਐੱਮ. ਐੱਫ. ਨਾਲ ਕੀਤੇ ਗਏ ਸਖ਼ਤ ਸੌਦੇ ਕਾਰਨ ਦੇਸ਼ ਆਰਥਿਕ ਚੁਣੌਤੀਆਂ ’ਚੋਂ ਗੁਜ਼ਰ ਰਿਹਾ ਹੈ। ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ’ਚ ਇਕ ਵਾਰ ਫਿਰ ਅੱਤਵਾਦ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਲਈ ਇਮਰਾਨ ਖਾਨ ਦੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਉਹ ਇਸ ਨਾਲ ਨਜਿੱਠਣ ਲਈ ਇਕ ਸਪੱਸ਼ਟ ਸੁਰੱਖਿਆ ਨੀਤੀ ਬਣਾਉਣ ’ਚ ਅਸਫ਼ਲ ਰਹੇ। ਟੀ. ਟੀ. ਪੀ. ਅੱਤਵਾਦੀਆਂ ਨੂੰ ਸਿਖਲਾਈ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ, ਜਿਸ ਕਾਰਨ ਉਹ ਖ਼ਤਰਾ ਬਣ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ, ਅਸੀਂ ਪਹਿਲਾਂ ਵੀ ਅੱਤਵਾਦ ਦੇ ਖ਼ਿਲਾਫ਼ ਲੜਾਈ ਲੜੀ ਹੈ ਅਤੇ ਸ਼ਾਂਤੀ ਸਥਾਪਿਤ ਕੀਤੀ ਹੈ।

ਇਹ ਵੀ ਪੜ੍ਹੋ: ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ਦੀ ਕਾਰ 'ਤੇ ਜਾਨਲੇਵਾ ਹਮਲਾ

17 ਸ਼ੱਕੀ ਗ੍ਰਿਫ਼ਤਾਰ

ਆਤਮਘਾਤੀ ਧਮਾਕੇ ਦੇ ਸਬੰਧ ’ਚ 17 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੈਨਾ ਮੁਖੀ ਜਨਰਲ ਆਸੀਮ ਮੁਨੀਰ ਨੇ ਅੱਤਵਾਦੀ ਸਮੂਹਾਂ ਵਿਰੁੱਧ ਜ਼ੀਰੋ-ਟੌਲਰੈਂਸ ਦੀ ਨੀਤੀ ਅਪਣਾਉਣ ਦੀ ਸਹੁੰ ਖਾਧੀ ਹੈ ਅਤੇ ਫੌਜ ਦੇ ਅਧਿਕਾਰੀਆਂ ਨੂੰ ਅੱਤਵਾਦ ਨੂੰ ਜੜ੍ਹੋਂ ਪੁੱਟਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜ਼ੁਹਰ ਦੀ ਨਮਾਜ਼ ਦੌਰਾਨ ਅੱਗੇ ਦੀ ਕਤਾਰ ’ਚ ਮੌਜੂਦ ਤਾਲਿਬਾਨ ਦੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News