‘ਭਾਰਤੀ ਕਸ਼ਮੀਰ ’ਚ ਬਣ ਰਹੇ ਡੈਮਾਂ ਦੇ ਨਿਰਮਾਣ ’ਚ ਪਾਕਿ ਸਰਕਾਰ ਵੱਲੋਂ ਪਾਈ ਜਾ ਰਹੀ ਰੁਕਾਵਟ’
Sunday, Nov 06, 2022 - 12:15 AM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਬੀਤੇ ਸਮੇਂ ’ਚ ਪਾਕਿਸਤਾਨ ਨੇ ਵਿਸ਼ਵ ਬੈਂਕ ਕੋਲ ਭਾਰਤ ਸਰਕਾਰ ਵੱਲੋਂ ਭਾਰਤੀ ਕਸ਼ਮੀਰ ’ਚ ਬਣਾਏ ਜਾ ਰਹੇ ਕਿਸ਼ਨਗੰਗਾ ਡੈਮ ਅਤੇ ਰਤਲੇ ਡੈਮ ਦੇ ਨਿਰਮਾਣ ’ਤੇ ਜੋ ਆਰਬੀਟੇਸ਼ਨ ਦੀ ਮੰਗ ਕੀਤੀ ਸੀ, ਉਸ ਸਬੰਧੀ ਪਾਕਿਸਤਾਨ ਨੂੰ ਫਿਰ ਮੂੰਹ ਦੀ ਖਾਣੀ ਪਈ ਹੈ। ਪਾਕਿਸਤਾਨ ਦੇ ਹੀ ਮਾਹਿਰਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਦੀ ਮੰਗ ’ਤੇ ਜੋ ਵਿਸ਼ਵ ਬੈਂਕ ਨੇ ਗਠਿਤ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਨੇ ਆਪਣੀ ਇਕ ਰਿਪੋਰਟ ’ਚ ਲਿਖਿਆ ਹੈ ਕਿ ਇਸਲਾਮਾਬਾਦ ਨੇ ਆਪਣੀ ਵਿਸ਼ੇਸ਼ ਸ਼ੈਲੀ ’ਚ ਜੋ ਵਿਸ਼ਵ ਬੈਂਕ ਕੋਲ ਇਨ੍ਹਾਂ ਦੋਵਾਂ ਡੈਮ ਦੇ ਡਿਜ਼ਾਈਨ ਦਰਸਾਏ ਸੀ, ਉਹ ਸਪਸ਼ੱਟ ਕਰਦੇ ਹਨ ਕਿ ਪਾਕਿਸਤਾਨ ਗ਼ਲਤ ਧਾਰਨਾ ਨੂੰ ਲੈ ਕੇ ਸ਼ਿਕਾਇਤਾਂ ਕਰਨ ਦਾ ਆਦਿ ਹੈ। ਪਾਕਿਸਤਾਨੀ ਮਾਹਿਰ ਜਿਉਲਿਆਨੀ ਨੇ ਕਿਹਾ ਕਿ ਇਸਲਾਮਾਬਾਦ ਦਾ ਇਕ ਹੀ ਇਰਾਦਾ ਹੈ ਕਿ ਭਾਰਤੀ ਕਸ਼ਮੀਰ ਵਿਚ ਬਣ ਰਹੇ ਪ੍ਰੋਜੈਕਟਾਂ ’ਚ ਰੁਕਾਵਟ ਪਾਉਣ ਲਈ ਝੂਠੀ ਸ਼ਿਕਾਇਤਾਂ ਕਰਨਾ ਅਤੇ ਪਾਕਿਸਤਾਨੀ ਪੈਸੇ ਦੀ ਬਰਬਾਦੀ ਕਰਨਾ ਹੈ। ਇਸ ਤਰ੍ਹਾਂ ਨਾਲ ਪਾਕਿਸਤਾਨ ਬੇਸ਼ੱਕ ਭਾਰਤ ਦੀ ਤਸਵੀਰ ਵਿਸ਼ਵ ਵਿਚ ਵਿਗੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਭਾਰਤ ਤੋਂ ਦਰਿਆਵਾਂ ਦੇ ਪਾਣੀ ਸਬੰਧੀ ਵਿਸ਼ਵ ਬੈਂਕ ਤੋਂ ਸਾਲਸੀ ਦੀ ਮੰਗ ਕਰਨਾ ਪਾਕਿਸਤਾਨ ਦੇ ਖੇਡ ਦਾ ਹਿੱਸਾ ਹੈ।
ਪਾਕਿਸਤਾਨ ਆਪਣੀਆਂ ਆਰਥਿਕ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਜਾਂ ਵਿਕਾਸ ਨੀਤੀਆ ਨੂੰ ਪਹਿਲ ਦੇਣ ਦੀ ਬਜਾਏ ਭਾਰਤ ਦੇ ਲਈ ਸਮੱਸਿਆ ਪੈਦਾ ਕਰਨ ਲਈ ਯਤਨਸ਼ੀਲ ਹੈ, ਜਿਸ ਨਾਲ ਪਾਕਿਸਤਾਨ ਨੂੰ ਕੁਝ ਮਿਲਣ ਵਾਲਾ ਨਹੀਂ ਹੈ। ਪਾਕਿਸਤਾਨ ਆਪਣੀਆਂ ਗੁੰਝਲਦਾਰ ਨੀਤੀਆਂ ਤੋਂ ਹੋ ਰਹੇ ਨੁਕਸਾਨ ਲਈ ਭਾਰਤ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਹੈ। ਪਾਕਿਸਤਾਨ ਆਪਣੀ ਪਾਣੀ ਦੀ ਸਮੱਸਿਆ ਦੇ ਚੱਲਦਿਆਂ ਭਾਰਤ ’ਤੇ ਝੂਠੇ ਦੋਸ਼ ਲਗਾ ਕੇ ਆਪਣੀ ਪ੍ਰੇਸ਼ਾਨੀ ਨੂੰ ਦੂਰ ਨਹੀਂ ਕਰ ਸਕਦਾ। ਭਾਰਤ ਦੇ ਨਾਲ ਬੀਤੇ 6 ਦਹਾਕਿਆਂ ਤੋਂ ਲੜੀਆਂ ਤਿੰਨ ਵੱਡੀਆਂ ਜੰਗਾਂ ਦੇ ਬਾਵਜੂਦ ਪਾਕਿਸਤਾਨ ਕੁਝ ਹਾਸਲ ਨਹੀਂ ਕਰ ਸਕਿਆ। ਉਕਤ ਮਾਹਿਰ ਨੇ ਕਿਹਾ ਕਿ ਜੇਹਲਮ ਅਤੇ ਚੇਨਾਬ ਦੇ ਸਹਾਇਕ ਦਰਿਆਵਾਂ ਤੇ ਭਾਰਤ ਸਰਕਾਰ ਵੱਲੋਂ ਕਿਸ਼ਨਗੰਗਾ ’ਤੇ 350 ਮੈਗਾਵਾਟ ਤੇ ਰਤਲੇ ਡੈਮ ’ਤੇ 850 ਮੈਗਾਵਾਟ ਦੀ ਸਮਰੱਥਾ ਵਾਲੇ ਨਿਰਮਾਣ ਅਧੀਨ ਡੈਮਾਂ ਸਬੰਧੀ ਪਾਕਿਸਤਾਨ ਦੇ ਇਤਰਾਜ਼ ਤਕਨੀਕੀ ਨਹੀਂ, ਬਲਕਿ ਰਾਜਨੀਤਕ ਹਨ, ਜੋ ਪਾਕਿਸਤਾਨ ਦੀ ਜਨਤਾ ਨੂੰ ਮੁਰਖ ਬਣਾਉਣ ਵਾਲੇ ਹਨ। ਸਿਰਫ ਰਾਜਨੀਤੀ ਲਈ ਭਾਰਤ ਦੀਆਂ ਨੀਤੀਆਂ ਜਾਂ ਪ੍ਰੋਜੈਕਟਾਂ ਦਾ ਵਿਰੋਧ ਕਰਨ ਦੀ ਬਜਾਏ ਪਾਕਿਸਤਾਨ ਨੂੰ ਆਪਣੀਆਂ ਵਿਕਾਸ ਨੀਤੀਆਂ ’ਤੇ ਜ਼ੋਰ ਦੇਣਾ ਚਾਹੀਦਾ ਹੈ।