‘ਲੁੱਡੋ’ ਦੀ ਬਾਜ਼ੀ ’ਚ ਹਾਰੀ ਦਿਲ, ਸਰਹੱਦ ਟੱਪ ਕੇ ਭਾਰਤ ਪੁੱਜੀ ਪਾਕਿ ਕੁੜੀ ਪਰ ਕਹਾਣੀ ਦਾ ਹੋਇਆ ਦੁਖ਼ਦ ਅੰਤ

Saturday, Feb 25, 2023 - 10:45 AM (IST)

‘ਲੁੱਡੋ’ ਦੀ ਬਾਜ਼ੀ ’ਚ ਹਾਰੀ ਦਿਲ, ਸਰਹੱਦ ਟੱਪ ਕੇ ਭਾਰਤ ਪੁੱਜੀ ਪਾਕਿ ਕੁੜੀ ਪਰ ਕਹਾਣੀ ਦਾ ਹੋਇਆ ਦੁਖ਼ਦ ਅੰਤ

ਕਰਾਚੀ (ਭਾਸ਼ਾ)- ਸ਼ਰਮੀਲੀ ਪਾਕਿਸਤਾਨੀ ਕੁੜੀ ਇਕਰਾ ਨੇ ਕਦੇ ਨਹੀਂ ਸੋਚਿਆ ਸੀ ਕਿ ਆਨਲਾਈਨ ਗੇਮ ‘ਲੁੱਡੋ’ ਦੀ ਬਾਜ਼ੀ ਵਿਚ ਉਹ ਇਸ ਤਰ੍ਹਾਂ ਆਪਣਾ ਦਿਲ ਹਾਰ ਬੈਠੇਗੀ, ਉਹ ਵੀ ਇਕ ਹਿੰਦੁਸਤਾਨੀ ਕੋਲ। ਫਿਰ ਦਿਲ ਦੇ ਹੱਥੋਂ ਮਜਬੂਰ ਹੋ ਕੇ ਇਕਰਾ ਪਹਿਲਾਂ ਦੁਬਈ ਅਤੇ ਫਿਰ ਉਥੋਂ ਨੇਪਾਲ ਦੇ ਰਸਤੇ ਭਾਰਤੀ ਸ਼ਹਿਰ ਬੈਂਗਲੁਰੂ ਜਾ ਪਹੁੰਚੀ। ਹਾਲਾਂਕਿ ਇਕਰਾ ਦੀ ਕਹਾਣੀ ਹੁਣ ਇਕ ਦੁਖਦ ਮੋੜ ’ਤੇ ਜਾ ਕੇ ਖ਼ਤਮ ਹੋ ਚੁੱਕੀ ਹੈ। ਕਿਸੇ ਫਿਲਮੀ ਕਹਾਣੀ ਵਾਂਗ ਦਿਲਚਸਪ ਪਰ ਦੁਖਦ ਇਹ ਕਹਾਣੀ ਇਕਰਾ ਦੇ ਚਾਚੇ ਨੇ ਦੱਸੀ। ਉਨ੍ਹਾਂ ਕਿਹਾ ਕਿ ਉਸਨੇ ਭਾਰਤ ਜਾਣ ਲਈ ਦੁਬਈ ਅਤੇ ਉਸ ਤੋਂ ਬਾਅਦ ਕਾਠਮੰਡੂ ਤੱਕ ਦੀ ਹਵਾਈ ਟਿਕਟ ਲਈ ਆਪਣੇ ਗਹਿਣੇ ਵੇਚੇ ਅਤੇ ਦੋਸਤਾਂ ਤੋਂ ਪੈਸੇ ਉਧਾਰ ਫੜੇ। ਇਕਰਾ ਜੀਵਾਨੀ ਨਾਮੀ ਲੜਕੀ ਨੂੰ ਪਿਛਲੇ ਮਹੀਨੇ ਬੈਂਗਲੁਰੂ ਤੋਂ ਬਰਾਮਦ ਕੀਤਾ ਗਿਆ ਸੀ, ਜਿਥੇ ਉਹ ਇਕ ਹਿੰਦੂ ਵਿਅਕਤੀ ਮੁਲਾਇਮ ਸਿੰਘ ਯਾਦਵ ਨਾਲ ਰਹਿ ਰਹੀ ਸੀ, ਜੋ ਹੁਣ ਜੇਲ੍ਹ ਵਿਚ ਹੈ। ਕੁੜੀ ਨੂੰ ਐਤਵਾਰ ਨੂੰ ਵਾਹਘਾ ਸਰਹੱਦ ’ਤੇ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਬ੍ਰਿਟਿਸ਼-ਭਾਰਤੀ ਵਿਦਿਆਰਥੀ ਯੁੱਧ ਪ੍ਰਭਾਵਿਤ ਯੂਕ੍ਰੇਨੀ ਬੱਚਿਆਂ ਲਈ ਸਟੇਸ਼ਨਰੀ ਲੈ ਕੇ ਪੋਲੈਂਡ ਪਹੁੰਚਿਆ

ਇਕਰਾ ਅਤੇ ਮੁਲਾਇਮ ਸਿੰਘ ਯਾਦਵ ਦੋਵੇਂ ਆਨਲਾਈਨ ਮਿਲੇ ਅਤੇ ਉਨ੍ਹਾਂ ਨੂੰ ਪਿਆਰ ਹੋ ਗਿਆ ਅਤੇ ਬਾਅਦ ਵਿਚ ਵਿਆਹ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਉਹ ਕੁਝ ਮਹੀਨੇ ਪਹਿਲਾਂ ਨੇਪਾਲ ਪਹੁੰਚੀ ਅਤੇ ਦੋਹਾਂ ਨੇ ਉਥੇ ਵਿਆਹ ਕਰਵਾ ਲਿਆ। ਪਾਕਿਸਤਾਨ ਦੇ ਸਿੰਧ ਸੂਬੇ ਵਿਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਕਰਾ ਆਪਣੇ ਘਰ ਪਰਤ ਆਈ ਹੈ। ਕੁੜੀ ਦੇ ਪਿਤਾ, ਚਾਚਾ ਅਤੇ ਮਾਂ ਉਸਨੂੰ ਲੈਣ ਲਈ ਲਾਹੌਰ ਗਏ ਸਨ। ਇਸ ਤੋਂ ਪਹਿਲਾਂ ਭਾਰਤੀ ਅਧਿਕਾਰੀਆਂ ਨੇ ਉਸ ਨੂੰ ਪਾਕਿਸਤਾਨੀ ਹਮਰੁਤਬਾ ਦੇ ਹਵਾਲੇ ਕਰ ਦਿੱਤਾ ਸੀ। ਇਹ ਰੋਚਕ ਕਹਾਣੀ ਪਿਛਲੇ ਸਾਲ ਸਤੰਬਰ ਵਿਚ ਸ਼ੁਰੂ ਹੋਈ, ਜਦੋਂ ਇਕਰਾ ਕਾਲਜ ਜਾਣ ਤੋਂ ਬਾਅਦ ਲਾਪਤਾ ਹੋ ਗਈ ਸੀ। ਇਕਰਾ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਸ ਦੇ ਪਿਤਾ ਸੋਹੇਲ ਜੀਵਾਨੀ ਨੇ ਕਿਹਾ ਕਿ ਇਹ ਮਾਮਲਾ ਹੁਣ ਹਮੇਸ਼ਾ ਲਈ ਬੰਦ ਹੋ ਗਿਆ ਹੈ। ਸਾਨੂੰ ਅਜੇ ਵੀ ਨਹੀਂ ਪਤਾ ਕਿ ਉਸ ਨੂੰ ਇਕੱਲੇ ਭਾਰਤ ਜਾਣ ਦੀ ਹਿੰਮਤ ਕਿੱਥੋਂ ਮਿਲੀ। ਉਹ ਹਮੇਸ਼ਾ ਤੋਂ ਬਹੁਤ ਸ਼ਰਮੀਲੀ ਕੁੜੀ ਰਹੀ ਹੈ। ਅਸੀਂ ਬਾਕੀਆਂ ਵਾਂਗ ਹੈਰਾਨ ਹਾਂ। ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਜੋ ਕੁਝ ਵਾਪਰਿਆ ਉਸ ਦੇ ਸਦਮੇ ਤੋਂ ਪਰਿਵਾਰ ਅਜੇ ਵੀ ਉਭਰਿਆ ਨਹੀਂ ਹੈ। ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ 16 ਸਾਲ ਦੀ ਇਕਰਾ ਨੇ ਕਰਾਚੀ ਤੋਂ ਦੁਬਈ, ਫਿਰ ਕਾਠਮੰਡੂ ਅਤੇ ਉਥੋਂ ਭਾਰਤ ਦਾ ਸਫਰ ਕਿਵੇਂ ਕੀਤਾ।

ਇਹ ਵੀ ਪੜ੍ਹੋ: ਆਪਣੇ ਹੀ ਵਿਆਹ ਦੀ ਰਿਸੈਪਸ਼ਨ 'ਚ 2 ਘੰਟੇ ਦੇਰੀ ਨਾਲ ਪਹੁੰਚਿਆ ਜੋੜਾ, ਉਡੀਕਦੇ ਰਹੇ ਮਹਿਮਾਨ, ਲਿਫਟ 'ਚ ਅਟਕੀ ਜਾਨ

ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਸ ਨੇ ਇਹ ਲੰਬਾ ਅਤੇ ਖ਼ਤਰਨਾਕ ਸਫ਼ਰ ਇਸ ਲਈ ਕੀਤਾ ਕਿਉਂਕਿ ਉਸ ਨੂੰ ਇਕ ਭਾਰਤੀ ਵਿਅਕਤੀ ਨਾਲ ਪਿਆਰ ਹੋ ਗਿਆ ਸੀ, ਜਿਸ ਨੂੰ ਉਹ ਇਕ ਮੁਸਲਿਮ ਸਾਫਟਵੇਅਰ ਇੰਜੀਨੀਅਰ ਸਮੀਰ ਅੰਸਾਰੀ ਮੰਨਦੀ ਸੀ। ਅੰਸਾਰੀ ਅਸਲ ਵਿਚ 26 ਸਾਲਾ ਮੁਲਾਇਮ ਸਿੰਘ ਯਾਦਵ ਸੀ, ਜੋ ਬੈਂਗਲੁਰੂ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਆਨਲਾਈਨ ਲੂਡੋ ਗੇਮ ਖੇਡਦੇ ਸਮੇਂ ਇਕਰਾ ਦੀ ਉਸ ਨਾਲ ਜਾਣ-ਪਛਾਣ ਹੋਈ ਸੀ। ਇਕਰਾ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਦੁਬਈ ਅਤੇ ਫਿਰ ਕਾਠਮੰਡੂ ਲਈ ਹਵਾਈ ਟਿਕਟ ਖ਼ਰੀਦਣ ਲਈ ਆਪਣੇ ਕਾਲਜ ਦੋਸਤਾਂ ਤੋਂ ਪੈਸੇ ਉਧਾਰ ਲਏ, ਜਿੱਥੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਯਾਦਵ ਨੇ ਉਸ ਨੂੰ ਭਾਰਤ-ਨੇਪਾਲ ਸਰਹੱਦ ਰਾਹੀਂ ਬੈਂਗਲੁਰੂ ਲਿਆਉਣ ਦਾ ਪ੍ਰਬੰਧ ਕੀਤਾ ਸੀ। ਕੁੜੀ ਦੇ ਚਾਚਾ ਅਫਜ਼ਲ ਜੀਵਾਨੀ ਨੇ ਦੱਸਿਆ ਕਿ ਇਕਰਾ ਦੁਬਈ ਅਤੇ ਫਿਰ ਕਾਠਮੰਡੂ ਗਈ, ਕਿਉਂਕਿ ਉਸ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਸਕਿਆ। ਅਫਜ਼ਲ ਨੇ ਕਿਹਾ ਕਿ ਕੁਝ ਗੁਆਂਢੀਆਂ ਨੂੰ ਉਦੋਂ ਸ਼ੱਕ ਹੋਇਆ, ਜਦੋਂ ਉਨ੍ਹਾਂ ਨੇ ਇਕ ਹਿੰਦੂ ਦੇ ਘਰ 'ਚ ਇਕ ਕੁੜੀ ਨੂੰ ਨਮਾਜ਼ ਪੜ੍ਹਦਿਆਂ ਦੇਖਿਆ, ਕਿਉਂਕਿ ਉਸ ਨੇ ਉਥੇ ਹਿੰਦੂ ਨਾਂ ਰਵਾ ਰੱਖਿਆ ਹੋਇਆ ਸੀ, ਜਿਸ ਤੋਂ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਭਾਰਤੀ ਪੁਲਸ ਨੇ ਸ਼ਿਕਾਇਤ ਦੇ ਤੁਰੰਤ ਬਾਅਦ ਇਕਰਾ ਨੂੰ ਬਰਾਮਦ ਕਰ ਲਿਆ, ਪਰ ਉਸ ਨੂੰ ਇਕ ਸ਼ੈਲਟਰ ਹੋਮ ਵਿੱਚ ਰੱਖਿਆ, ਜਿੱਥੇ ਪੁਲਸ ਅਤੇ ਖੁਫੀਆ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ ਕਿ ਉਹ ਭਾਰਤ ਕਿਵੇਂ ਪਹੁੰਚੀ।

ਇਹ ਵੀ ਪੜ੍ਹੋ: ਪੂਲ ਗੇਮ ਹਾਰਨ 'ਤੇ 2 ਵਿਅਕਤੀਆਂ ਨੇ ਕੀਤੀ ਫਾਇਰਿੰਗ, 12 ਸਾਲਾ ਬੱਚੀ ਸਣੇ 7 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ

ਯਾਦਵ ਨੇ ਇਕਰਾ ਦਾ ਨਾਂ ਬਦਲ ਕੇ ਰਵਾ ਰੱਖਣ ਤੋਂ ਬਾਅਦ, ਉਸ ਦਾ ਆਧਾਰ ਕਾਰਡ ਵੀ ਬਣਵਾਇਆ ਅਤੇ ਬਾਅਦ ਵਿਚ ਭਾਰਤੀ ਪਾਸਪੋਰਟ ਲਈ ਅਰਜ਼ੀ ਦਿੱਤੀ। ਅਫਜ਼ਲ ਨੇ ਕਿਹਾ ਕਿ ਪਰ ਅਸੀਂ ਉਸ ਨੂੰ ਬਰਾਮਦ ਕਰਨ ਅਤੇ ਇਸ ਭਿਆਨਕ ਅਧਿਆਏ ਨੂੰ ਖ਼ਤਮ ਕਰਨ ਵਿੱਚ ਸਾਡੀ ਮਦਦ ਕਰਨ ਲਈ ਪਾਕਿਸਤਾਨ ਅਤੇ ਭਾਰਤ ਸਰਕਾਰ ਦੇ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਪਾਕਿਸਤਾਨ ਪਰਤੀ ਹੈ, ਲਗਾਤਾਰ ਮੁਆਫੀ ਮੰਗ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਨਲਾਈਨ ਲੂਡੋ ਗੇਮ ਖੇਡਣ ਦੌਰਾਨ ਜਦੋਂ ਦੇਵੇਂ ਸੋਸ਼ਲ ਮੀਡੀਆ 'ਤੇ ਮਿਲੇ ਤਾਂ ਭਾਰਤੀ ਵਿਅਕਤੀ ਨੇ ਖ਼ੁਦ ਨੂੰ ਮੁਸਲਮਾਨ ਦੱਸ ਕੇ ਉਨ੍ਹਾਂ ਦੀ ਭਤੀਜੀ ਨੂੰ ਧੋਖੇ ਵਿਚ ਰੱਖਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਕਰਾ ਨੂੰ ਬੇਂਗਲੁਰੂ ਪਹੁੰਚਣ ਅਤੇ ਯਾਦਵ ਨੂੰ ਮਿਲਣ ਤੋਂ ਬਾਅਦ ਆਪਣੀ ਗਲਤੀ ਦਾ ਅਹਿਸਾਸ ਹੋਇਆ, ਕਿਉਂਕਿ ਉਸ ਨੇ ਆਪਣੀ ਮਾਂ ਨੂੰ ਵਟਸਐਪ 'ਤੇ ਕਾਲ ਕਰਕੇ ਸਭ ਕੁਝ ਦੱਸਣਾ ਸ਼ੁਰੂ ਕਰ ਦਿੱਤਾ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਨੂੰ ਫ਼ੋਨ ਕਾਲ ਬਾਰੇ ਸੂਚਿਤ ਕੀਤਾ ਅਤੇ ਉਨ੍ਹਾਂ ਨੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨਾਲ ਸੰਪਰਕ ਕੀਤਾ, ਜਿਸ ਨੇ ਕੁੜੀ ਨੂੰ ਲੱਭਣ ਅਤੇ ਬਰਾਮਦ ਕਰਨ ਵਿੱਚ ਮਦਦ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਾਲ ਸੰਪਰਕ ਕੀਤਾ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News