ਪੂਰੀ ਤਰ੍ਹਾਂ ਠੱਪ ਹੋ ਗਿਆ ਪਾਕਿਸਤਾਨ-ਅਫ਼ਗਾਨਿਸਤਾਨ ਦਾ ਵਪਾਰ ! TDAP ਨੇ ਜਾਰੀ ਕੀਤੀ ਰਿਪੋਰਟ

Saturday, Oct 24, 2026 - 02:55 PM (IST)

ਪੂਰੀ ਤਰ੍ਹਾਂ ਠੱਪ ਹੋ ਗਿਆ ਪਾਕਿਸਤਾਨ-ਅਫ਼ਗਾਨਿਸਤਾਨ ਦਾ ਵਪਾਰ ! TDAP ਨੇ ਜਾਰੀ ਕੀਤੀ ਰਿਪੋਰਟ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਵਧ ਰਹੇ ਫੌਜੀ ਤੇ ਸਿਆਸੀ ਤਣਾਅ ਕਾਰਨ ਦੋਵਾਂ ਦੇਸ਼ਾਂ ਦੇ ਮੁੱਖ ਸਰਹੱਦੀ ਲਾਂਘੇ ਲਗਾਤਾਰ ਬੰਦ ਰਹਿਣ ਕਾਰਨ ਦੁਵੱਲਾ ਵਪਾਰ ਲਗਭਗ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। 'ਪਾਕਿਸਤਾਨ-ਅਫ਼ਗਾਨਿਸਤਾਨ ਜੁਆਇੰਟ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ' (PAJCCI) ਦੇ ਅਫ਼ਗਾਨ ਚੈਪਟਰ ਦੇ ਉਪ-ਪ੍ਰਧਾਨ ਮੁਹੰਮਦ ਯੂਨੁਸ ਮੁਹਮੰਦ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਵਿੱਚ 95 ਫੀਸਦੀ ਤੱਕ ਦੀ ਵੱਡੀ ਗਿਰਾਵਟ ਆਈ ਹੈ।

ਅਕਤੂਬਰ 2025 'ਚ ਪਾਕਿਸਤਾਨੀ ਫੌਜ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਹੋਏ ਹਮਲਿਆਂ ਮਗਰੋਂ ਪਾਕਿਸਤਾਨ ਨੇ ਸਾਰੇ ਮੁੱਖ ਸਰਹੱਦੀ ਰਸਤੇ ਬੰਦ ਕਰ ਦਿੱਤੇ ਸਨ। 'ਟ੍ਰੇਡ ਡਿਵੈਲਪਮੈਂਟ ਅਥਾਰਟੀ ਆਫ਼ ਪਾਕਿਸਤਾਨ' (TDAP) ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2024-25 ਦੌਰਾਨ ਦੋਵਾਂ ਦੇਸ਼ਾਂ ਦਾ ਵਪਾਰ 1.3 ਅਰਬ ਡਾਲਰ ਸੀ, ਜੋ 2025-26 'ਚ 74 ਫ਼ੀਸਦੀ ਤੱਕ ਘਟ ਕੇ ਸਿਰਫ਼ 358 ਮਿਲੀਅਨ ਡਾਲਰ ਰਹਿ ਗਿਆ। ਉੱਥੇ ਹੀ ਸਾਲ 2026-27 ਦੌਰਾਨ ਇਹ ਵਪਾਰ ਪਿਛਲੇ ਸਾਲਾਂ ਦੇ ਮੁਕਾਬਲੇ 95 ਫ਼ੀਸਦੀ ਤੱਕ ਹੇਠਾਂ ਡਿੱਗ ਚੁੱਕਾ ਹੈ। 

ਪਾਕਿਸਤਾਨੀ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ ਅਫ਼ਗਾਨਿਸਤਾਨ ਨਾਲ ਵਪਾਰ ਬੰਦ ਹੋਣ ਕਾਰਨ ਪਾਕਿਸਤਾਨ ਦੇ ਫਾਰਮਾਸਿਊਟੀਕਲ ਦੇ ਨਿਰਯਾਤ ਵਿੱਚ 25.53 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਫ਼ਗਾਨ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਵਪਾਰੀਆਂ ਨੇ ਅਫ਼ਗਾਨਿਸਤਾਨ ਦੀ 4 ਕਰੋੜ ਦੀ ਆਬਾਦੀ ਵਾਲਾ ਵੱਡਾ ਬਾਜ਼ਾਰ ਗੁਆ ਦਿੱਤਾ ਹੈ, ਕਿਉਂਕਿ ਤਾਲਿਬਾਨ ਸਰਕਾਰ ਹੁਣ ਮਿਡਲ ਈਸਟ ਦੇ ਦੇਸ਼ਾਂ ਅਤੇ ਇਰਾਨ ਰਾਹੀਂ ਬਦਲਵੇਂ ਵਪਾਰਕ ਰਸਤੇ ਅਪਣਾ ਰਹੀ ਹੈ।

ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ, ਜੋ ਕਿ ਬੀਤੇ ਕੁਝ ਮਹੀਨਿਆਂ ਦੌਰਾਨ ਜੰਗ ਦਾ ਰੂਪ ਧਾਰਨ ਕਰ ਗਿਆ ਹੈ। ਪਾਕਿਸਤਾਨੀ ਸਰਕਾਰ ਦਾ ਇਲਜ਼ਾਮ ਹੈ ਕਿ ਅਫ਼ਗਾਨ ਤਾਲਿਬਾਨ 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ' (TTP) ਦੇ ਅੱਤਵਾਦੀਆਂ ਨੂੰ ਸ਼ਰਨ ਦੇ ਰਿਹਾ ਹੈ, ਜੋ ਪਾਕਿਸਤਾਨ ਅੰਦਰ ਹਮਲੇ ਕਰ ਰਹੇ ਹਨ। ਭਾਵੇਂ ਕਿ ਤਾਲਿਬਾਨ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਾ ਰਿਹਾ ਹੈ, ਪਰ ਅਗਸਤ 2026 ਦੀ ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਵੀ ਤਾਲਿਬਾਨ ਦੁਆਰਾ TTP ਦੀ ਮਦਦ ਕਰਨ ਦੀ ਪੁਸ਼ਟੀ ਕੀਤੀ ਗਈ ਸੀ। ਸਰਹੱਦਾਂ ਬੰਦ ਹੋਣ ਨਾਲ ਪਾਕਿਸਤਾਨ ਦਾ ਅਫ਼ਗਾਨਿਸਤਾਨ ਦੇ ਰਸਤੇ ਮੱਧ ਏਸ਼ੀਆਈ ਦੇਸ਼ਾਂ ਤੱਕ ਪਹੁੰਚਣ ਵਾਲਾ ਟ੍ਰਾਂਜ਼ਿਟ ਵਪਾਰ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।   


author

Harpreet SIngh

Content Editor

Related News