ਪਾਕਿਸਤਾਨ ਰੇਲ ਹਾਦਸਾ: ਰੇਲਵੇ ਨੇ ਲਾਪ੍ਰਵਾਹੀ ਲਈ 6 ਅਧਿਕਾਰੀਆਂ ਨੂੰ ਕੀਤਾ ਮੁਅੱਤਲ

08/10/2023 1:46:47 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਰੇਲਵੇ ਨੇ ਸਿੰਧ ਸੂਬੇ ਵਿਚ ਰੇਲ ਹਾਦਸੇ ਤੋਂ ਬਾਅਦ ਕਥਿਤ ਲਾਪ੍ਰਵਾਹੀ ਦੇ ਦੋਸ਼ ਵਿਚ ਡਿਵੀਜ਼ਨਲ ਇੰਜੀਨੀਅਰ ਅਤੇ ਵਰਕਸ ਮੈਨੇਜਰ ਸਮੇਤ 6 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਰੇਲ ਅਤੇ ਹਵਾਬਾਜ਼ੀ ਮੰਤਰੀ ਖਵਾਜਾ ਸਾਦ ਰਫੀਕ ਨੇ ਨੈਸ਼ਨਲ ਅਸੈਂਬਲੀ ਵਿੱਚ ਇਸ ਦੁਖਦਾਈ ਘਟਨਾ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਰੇਲ ਹਾਦਸੇ ਲਈ ਨੁਕਸਾਨੇ ਟ੍ਰੈਕ ਨੂੰ ਜ਼ਿੰਮੇਵਾਰ ਠਹਿਰਾਇਆ।

ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਹਜ਼ਾਰਾ ਐਕਸਪ੍ਰੈਸ ਐਤਵਾਰ ਨੂੰ ਕਰਾਚੀ ਤੋਂ 275 ਕਿਲੋਮੀਟਰ ਦੂਰ ਨਵਾਬਸ਼ਾਹ ਜ਼ਿਲ੍ਹੇ ਦੇ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ ਸੀ, ਜਿਸ ਕਾਰਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਸੀ। ਇਸ ਰੇਲ ਹਾਦਸੇ ਤੋਂ ਬਾਅਦ ਰੇਲਵੇ ਦੇ 6 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ 15-15 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਘਟਨਾ ਦਾ ਕਾਰਨ ਦੱਸਦੇ ਹੋਏ ਮੰਤਰੀ ਨੇ ਕਿਹਾ ਕਿ ਕਰਾਚੀ ਤੋਂ ਰਵਾਨਾ ਹੁੰਦੇ ਸਮੇਂ ਇਕ ਬੋਗੀ ਦੇ 2 ਪਹੀਏ ਜਾਮ ਹੋ ਗਏ ਸਨ। ਇਸ ਤੋਂ ਇਲਾਵਾ ਘਟਨਾ ਸਥਾਨ ਦੇ ਨੇੜੇ ਰੇਲਵੇ ਟਰੈਕ ਵੀ ਨੁਕਸਾਨਿਆ ਹੋਇਆ ਸੀ। ਰਫੀਕ ਨੇ ਮੰਗਲਵਾਰ ਨੂੰ ਸਦਨ 'ਚ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੁਝ ਦਿਨਾਂ 'ਚ ਰਿਪੋਰਟ ਤਿਆਰ ਕਰ ਲਈ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰੇਲ ਮੰਤਰਾਲਾ ਨੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ।


cherry

Content Editor

Related News