ਕੀ FATF ਦੀ ਗ੍ਰੇ ਸੂਚੀ ''ਚ ਹੀ ਰਹੇਗਾ ਪਾਕਿ? ਪੈਰਿਸ ''ਚ 16 ਫਰਵਰੀ ਨੂੰ ਹੋਵੇਗੀ ਮੀਟਿੰਗ

02/01/2020 2:57:49 PM

ਇਸਲਾਮਾਬਾਦ- ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਦੀ 16 ਫਰਵਰੀ ਨੂੰ ਇਕ ਅਹਿਮ ਬੈਠਕ ਹੋਣ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਵਿਚ ਪਾਕਿਸਤਾਨ ਨੂੰ ਗ੍ਰੇ ਸੂਚੀ ਵਿਚੋਂ ਬਾਹਰ ਨਾ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਇੰਗਲਿਸ਼ ਡੇਲੀ ਹਿੰਦੂਸਤਾਨ ਟਾਈਮਸ ਵਲੋਂ ਦੋ ਯੂਰਪੀ ਦੇਸ਼ਾਂ ਦੇ ਡਿਪਲੋਮੈਟਾਂ ਦੇ ਹਵਾਲੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਅੱਤਵਾਦ 'ਤੇ ਰੋਕ ਲਾਉਣ ਦੇ ਜ਼ਰੂਰੀ ਕਦਮ ਚੁੱਕਣ ਵਿਚ ਅਸਫਲ ਰਿਹਾ ਹੈ।

16 ਤੋਂ 21 ਫਰਵਰੀ ਤੱਕ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਹ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿਚ ਪਾਕਿਸਤਾਨ ਵਲੋਂ 27 ਬਿੰਦੂਆਂ ਵਾਲੇ ਐਕਸ਼ਨ ਪਲਾਨ ਨੂੰ ਲਾਗੂ ਕਰਨ 'ਤੇ ਚਰਚਾ ਕੀਤੀ ਜਾਵੇਗੀ। ਪਾਕਿਸਤਾਨ ਨੂੰ ਜੂਨ 2018 ਵਿਚ ਗ੍ਰੇ ਸੂਚੀ ਵਿਚ ਪਾਇਆ ਗਿਆ ਸੀ। ਐਫ.ਏ.ਟੀ.ਐਫ. ਵਲੋਂ ਇਹ ਕਦਮ ਉਦੋਂ ਚੁੱਕਿਆ ਗਿਆ ਸੀ ਜਦੋਂ ਪਾਕਿਸਤਾਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਤਾਲਿਬਾਨ ਤੇ ਅਲਕਾਇਤਾ ਜਿਹੇ ਸੰਗਠਨਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਨੂੰ ਰੋਕਣ ਵਿਚ ਅਸਫਲ ਰਿਹਾ ਸੀ। ਹਾਲਾਂਕਿ ਪਿਛਲੇ ਦਿਨੀਂ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਚੀਨ ਵਲੋਂ ਕੀਤੀ ਗਈ ਲਾਬਿੰਗ ਦੇ ਕਾਰਨ ਪਾਕਿਸਤਾਨ ਨੂੰ ਗ੍ਰੇ ਸੂਚੀ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਚੀਨ ਨੇ ਪ੍ਰਾਈਵੇਟ ਕੰਸਲਟੈਂਟ ਦੀ ਮਦਦ ਲੈ ਕੇ ਆਪਣੇ ਕਰੀਬੀ ਦੋਸਤ ਦੀ ਮਦਦ ਕੀਤੀ ਹੈ। ਇਹ ਕੰਸਲਟੈਂਟ ਐਫ.ਏ.ਟੀ.ਐਫ. ਵੇਟਰਨ ਰਹਿ ਚੁੱਕੇ ਹਨ। ਇਸ ਗੱਲ ਦੀ ਸੰਭਾਵਨਾ 75 ਫੀਸਦੀ ਤੱਕ ਹੈ ਕਿ ਪਾਕਿਸਤਾਨ ਨੂੰ ਗ੍ਰੇ ਸੂਚੀ ਤੋਂ ਬਾਹਰ ਕਰ ਦਿੱਤਾ ਜਾਵੇਗਾ। 


Baljit Singh

Content Editor

Related News