ਗਾਜ਼ਾ ’ਚ 20,000 ਫੌਜੀ ਤਾਇਨਾਤ ਕਰੇਗਾ ਪਾਕਿਸਤਾਨ
Wednesday, Oct 29, 2025 - 01:26 AM (IST)
ਇਸਲਾਮਾਬਾਦ - ਪਾਕਿਸਤਾਨ ਗਾਜ਼ਾ ਵਿਚ 20,000 ਫੌਜੀ ਤਾਇਨਾਤ ਕਰੇਗਾ, ਜਿਨ੍ਹਾਂ ਦਾ ਕੰਮ ਹਮਾਸ ਨੂੰ ਆਪਣੇ ਹਥਿਆਰ ਛੱਡਣ ਅਤੇ ਇਲਾਕੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਮਜਬੂਰ ਕਰਨਾ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਇਸ ਸਬੰਧੀ ਇਜ਼ਰਾਈਲ ਨਾਲ ਇਕ ਗੁਪਤ ਸਮਝੌਤਾ ਕੀਤਾ ਹੈ। ਇਹ ਫੌਜੀ ਅੰਤਰਰਾਸ਼ਟਰੀ ਸਥਿਰਤਾ ਫੋਰਸ (ਆਈ. ਐੱਸ. ਐੱਫ.) ਦਾ ਹਿੱਸਾ ਹੋਣਗੇ, ਜੋ ਗਾਜ਼ਾ ਵਿਚ ਸ਼ਾਂਤੀ ਸਮਝੌਤੇ ਨੂੰ ਲਾਗੂ ਕਰੇਗੀ।
ਇਸ ਮਾਮਲੇ ਸਬੰਧੀ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਇਕ ਗੁਪਤ ਮੀਟਿੰਗ ਹੋਈ ਸੀ, ਜਿਸ ਵਿਚ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਇਕ ਸੀਨੀਅਰ ਅਧਿਕਾਰੀ ਸਣੇ ਪਾਕਿਸਤਾਨ ਅਤੇ ਅਮਰੀਕਾ ਦੇ ਖੁਫੀਆ ਅਧਿਕਾਰੀ ਵੀ ਸ਼ਾਮਲ ਸਨ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਜੰਗ ਨੂੰ ਰੋਕਣ ਲਈ 29 ਸਤੰਬਰ ਨੂੰ 20 ਨੁਕਾਤੀ ਸ਼ਾਂਤੀ ਯੋਜਨਾ ਪੇਸ਼ ਕੀਤੀ ਸੀ। ਹਮਾਸ ਵੱਲੋਂ ਹਥਿਆਰ ਸੁੱਟਣਾ ਇਸ ਯੋਜਨਾ ਦੀ ਇਕ ਅਹਿਮ ਸ਼ਰਤ ਹੈ।
ਰਿਪੋਰਟਾਂ ਅਨੁਸਾਰ ਤੁਰਕੀ, ਅਜ਼ਰਬਾਈਜਾਨ ਅਤੇ ਕਤਰ ਇਸ ਫੈਸਲੇ ਤੋਂ ਨਾਰਾਜ਼ ਹਨ। ਇਹ ਦੇਸ਼ ਨਹੀਂ ਚਾਹੁੰਦੇ ਕਿ ਗਾਜ਼ਾ ਵਿਚ ਪਾਕਿਸਤਾਨੀ ਫੌਜੀ ਤਾਇਨਾਤ ਹੋਣ। ਪਾਕਿਸਤਾਨ ਦੀ ਤੁਰਕੀ ਨਾਲ ਡੂੰਘੀ ਦੋਸਤੀ ਹੈ ਪਰ ਉਹ ਟਰੰਪ ਨੂੰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦਾ। ਪਾਕਿਸਤਾਨੀ ਫੌਜੀ ਗਾਜ਼ਾ ਵਿਚ ਇੰਡੋਨੇਸ਼ੀਆਈ ਅਤੇ ਅਜ਼ਰਬਾਈਜਾਨ ਦੇ ਫੌਜੀਆਂ ਦੇ ਨਾਲ ਮਿਲ ਕੇ ਕੰਮ ਕਰਨਗੇ। ਉਹ ਸੁਰੱਖਿਆ ਪ੍ਰਬੰਧਨ ਦੀ ਨਿਗਰਾਨੀ ਕਰਨਗੇ, ਇਮਾਰਤਾਂ ਦਾ ਨਿਰਮਾਣ ਕਰਨਗੇ ਅਤੇ ਹਮਾਸ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਗੇ।
