ਪਾਕਿਸਤਾਨ ਪਹੁੰਚਿਆ ਧਰਮ ਸੰਸਦ 'ਚ ਨਫ਼ਰਤ ਭਰੇ ਭਾਸ਼ਣ ਦਾ ਮਾਮਲਾ, ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ
Tuesday, Dec 28, 2021 - 10:00 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਸੋਮਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਇੰਚਾਰਜ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਹਰਿਦੁਆਰ ਵਿਚ ਹਾਲ ਹੀ ਵਿਚ ਹੋਏ ਇਕ ਸੰਮੇਲਨ ਵਿਚ ਘੱਟ ਗਿਣਤੀਆਂ ਵਿਰੁੱਧ ਹਿੰਸਾ ਭੜਕਾਉਣ ਦੇ ਇਰਾਦੇ ਨਾਲ ਦਿੱਤੇ ਕਥਿਤ ਨਫ਼ਰਤ ਭਰੇ ਭਾਸ਼ਣਾਂ 'ਤੇ ਚਿੰਤਾ ਜ਼ਾਹਰ ਕੀਤੀ। ਹਰਿਦੁਆਰ ਦੇ ਵੇਦ ਨਿਕੇਤਨ ਧਾਮ ਵਿਖੇ 16 ਤੋਂ 19 ਦਸੰਬਰ ਦਰਮਿਆਨ ਆਯੋਜਿਤ ਧਰਮ ਸੰਸਦ ਵਿਚ ਬੁਲਾਰਿਆਂ ਨੇ ਮੁਸਲਮਾਨਾਂ ਖ਼ਿਲਾਫ਼ ਕਥਿਤ ਤੌਰ 'ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦਿੱਤੇ ਸਨ। ਇਸ ਸਮਾਗਮ ਦਾ ਆਯੋਜਨ ਗਾਜ਼ੀਆਬਾਦ ਵਿਚ ਡਾਸਨਾ ਮੰਦਰ ਦੇ ਪੁਜਾਰੀ ਯਤੀ ਨਰਸਿਮਹਾਨੰਦ ਨੇ ਕੀਤਾ ਸੀ। ਨਰਸਿਮਹਾਨੰਦ ਪਹਿਲਾਂ ਹੀ ਮੁਸਲਮਾਨਾਂ ਵਿਰੁੱਧ ਨਫ਼ਰਤ ਭਰੇ ਭਾਸ਼ਣਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਪੁਲਸ ਦੀ ਨਿਗਰਾਨੀ ਹੇਠ ਹੈ।
ਇਸ ਸਮਾਗਮ ਵਿਚ ਕਈ ਬੁਲਾਰਿਆਂ ਨੇ ਕਥਿਤ ਤੌਰ 'ਤੇ ਭੜਕਾਊ ਅਤੇ ਨਫ਼ਰਤ ਭਰੇ ਭਾਸ਼ਣ ਦਿੱਤੇ, ਜਿਸ ਵਿਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦਾ ਕਤਲ ਕਰਨ ਦੀ ਮੰਗ ਕੀਤੀ ਗਈ ਸੀ। ਪਾਕਿਸਤਾਨ ਨੇ ਭਾਰਤੀ ਪੱਖ ਨੂੰ ਦੱਸਿਆ ਕਿ ਨਾਗਰਿਕ ਸਮਾਜ ਅਤੇ ਦੇਸ਼ ਦੇ ਲੋਕਾਂ ਦੇ ਇਕ ਵਰਗ ਨੇ ਕਥਿਤ ਨਫ਼ਰਤੀ ਭਾਸ਼ਣਾਂ ਨੂੰ ਗੰਭੀਰ ਚਿੰਤਾ ਨਾਲ ਦੇਖਿਆ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਇਕ ਬਿਆਨ ਮੁਤਾਬਕ ਭਾਰਤ ਲਈ ਇਹ ਬੇਹੱਦ ਨਿੰਦਣਯੋਗ ਗੱਲ ਹੈ ਕਿ ਨਾ ਤਾਂ ਪ੍ਰਬੰਧਕਾਂ ਨੇ ਕੋਈ ਅਫਸੋਸ ਪ੍ਰਗਟਾਇਆ ਹੈ ਅਤੇ ਨਾ ਹੀ ਭਾਰਤ ਸਰਕਾਰ ਨੇ ਉਨ੍ਹਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਮੁਸਲਮਾਨਾਂ ਵਿਰੁੱਧ ਹਿੰਸਾ ਦੀਆਂ ਲਗਾਤਾਰ ਘਟਨਾਵਾਂ ਨੇ "ਇਸਲਾਮ ਬਾਰੇ ਡਰ ਦੇ ਵਿਗੜਦੇ ਰੁਝਾਨ" ਦਾ ਪਰਦਾਫਾਸ਼ ਕੀਤਾ ਹੈ ਅਤੇ ਭਾਰਤ ਵਿਚ ਮੁਸਲਮਾਨਾਂ ਦੀ ਕਿਸਮਤ ਬਾਰੇ ਇਕ ਗੰਭੀਰ ਤਸਵੀਰ ਪੇਸ਼ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਕਿ ਭਾਰਤ ਤੋਂ ਇਨ੍ਹਾਂ ਨਫ਼ਰਤ ਭਰੇ ਭਾਸ਼ਣਾਂ ਅਤੇ ਘੱਟ ਗਿਣਤੀਆਂ ਵਿਰੁੱਧ ਵਿਆਪਕ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਕਰਨ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਬੁਰਕੀਨਾ ਫਾਸੋ ’ਚ ਸੰਨ੍ਹ ਲਗਾ ਕੇ ਕੀਤੇ ਗਏ ਹਮਲੇ ’ਚ 41 ਲੋਕਾਂ ਦੀ ਮੌਤ, ਸੋਗ ’ਚ ਡੁੱਬਿਆ ਦੇਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।