ਸਿੱਧੂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੇ ਬਿਆਨ ਤੋਂ ''ਮੁੱਕਰਿਆ'' ਪਾਕਿਸਤਾਨ

Sunday, Sep 02, 2018 - 07:59 AM (IST)

ਸਿੱਧੂ ਦੇ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਲੇ ਬਿਆਨ ਤੋਂ ''ਮੁੱਕਰਿਆ'' ਪਾਕਿਸਤਾਨ

ਇਸਲਾਮਾਬਾਦ/ਅੰਮ੍ਰਿਤਸਰ(ਏਜੰਸੀਆਂ, ਕੱਕੜ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਬੀਤੇ ਕਈ ਦਿਨਾਂ ਤੋਂ ਜਾਰੀ ਚਰਚਿਆਂ 'ਤੇ ਸ਼ਨੀਵਾਰ ਉਸ ਸਮੇਂ ਇਕ ਤਰ੍ਹਾਂ ਨਾਲ ਰੋਕ ਲੱਗ ਗਈ ਜਦੋਂ ਪਾਕਿਸਤਾਨ  ਨੇ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਹੋਈ ਮੁਲਾਕਾਤ ਦੇ ਆਧਾਰ 'ਤੇ ਤੁਰੰਤ  ਇਸ ਸਬੰਧੀ ਫੈਸਲਾ ਨਹੀਂ ਹੋ ਸਕਦਾ। 
ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤਣ ਪਿੱਛੋਂ ਨਵਜੋਤ ਸਿੰਘ ਸਿੱਧੂ ਨੇ  ਕਿਹਾ ਸੀ ਕਿ ਭਾਰਤ-ਪਾਕਿ ਸਰਹੱਦ ਤੋਂ ਮੁਸ਼ਕਲ ਨਾਲ ਢਾਈ ਕਿਲੋਮੀਟਰ ਦੂਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਨੂੰ ਲੈ ਕੇ ਉਨ੍ਹਾਂ ਦੀ ਪਾਕਿਸਤਾਨ ਦੇ ਫੌਜ ਮੁਖੀ ਨਾਲ ਗੱਲਬਾਤ ਹੋਈ  ਹੈ ਪਰ ਹੁਣ ਸ਼ਨੀਵਾਰ ਪਾਕਿਸਤਾਨ ਨੇ 'ਮੁਕਰਦਿਆਂ' ਸਪੱਸ਼ਟੀਕਰਨ ਜਾਰੀ ਕਰ ਕੇ ਕਿਹਾ ਕਿ 'ਇਕ ਘਟਨਾ' ਨਾਲ ਇਸ ਸਬੰਧੀ ਫੈਸਲਾ ਨਹੀਂ ਹੋ ਸਕਦਾ। ਇਸ ਦੀ ਲੰਬੀ ਪ੍ਰਕਿਰਿਆ ਹੈ। ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਤੋਂ ਬਾਅਦ ਹੀ ਕੋਈ ਫੈਸਲਾ ਹੋ ਸਕਦਾ ਹੈ।


ਅਕਾਲੀ ਦਲ ਨੇ ਕੀਤਾ ਵਿਰੋਧ ਪਰ ਕਾਂਗਰਸ ਬਚਾਅ 'ਤੇ
ਪਾਕਿਸਤਾਨ ਵਿਚ ਵਾਪਰੇ ਘਟਨਾਚੱਕਰ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਅਕਾਲੀ ਦਲ ਦਾ ਵਿਰੋਧ ਸਹਿਣਾ ਪਿਆ। ਸਿੱਧੂ ਜਦੋਂ ਤੋਂ ਪਾਕਿ ਤੋਂ ਪਰਤੇ ਹਨ, ਉਦੋਂ ਤੋਂ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਾਕਿਸਤਾਨੀ ਫੌਜ ਮੁਖੀ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲਬਾਤ ਹੋਈ ਸੀ ਅਤੇ ਇਹ ਲਾਂਘਾ ਖੁੱਲ੍ਹ ਸਕਦਾ ਹੈ ਪਰ  ਹੁਣ ਪਾਕਿਸਤਾਨ ਵਲੋਂ 'ਮੁਕਰਣ' ਪਿੱਛੋਂ ਸਿੱਧੂ 'ਤੇ ਉਂਗਲੀਆਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੀਆਂ ਮੁਸੀਬਤਾਂ ਲਗਾਤਾਰ ਵੱਧ ਰਹੀਆਂ ਹਨ। 
ਕਾਂਗਰਸ ਨੇ ਸਿੱਧੂ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਸਿੱਧੂ ਝੂਠ ਨਹੀਂ ਬੋਲਦੇ। ਉਹ ਕਾਂਗਰਸ ਦੇ ਇਕ ਸਤਿਕਾਰਯੋਗ ਨੇਤਾ ਅਤੇ ਲੋਕਾਂ ਦੇ ਪ੍ਰਤੀਨਿਧੀ ਹਨ। ਉਹ ਦੇਸ਼ ਨਾਲ ਝੂਠ ਕਿਉਂ ਬੋਲਣਗੇ? ਪਾਕਿ ਦੇ ਫੌਜ ਮੁਖੀ ਨਾਲ ਉਨ੍ਹਾਂ ਦੀ ਜਿੰਨੀ ਗੱਲਬਾਤ ਹੋਈ ਹੋਵੇਗੀ, ਉਨ੍ਹਾਂ ਓਨੀ ਹੀ ਇਥੇ ਆ ਕੇ ਦੱਸੀ ਹੋਵੇਗੀ। ਇਸ ਵਿਚ ਕੋਈ ਸਿਆਸਤ ਵਾਲੀ ਗੱਲ ਨਹੀਂ।


Related News