ਪਾਕਿਸਤਾਨ : ਖੈਬਰ-ਪਖਤੂਨਖਵਾ ਦੇ ਸਕੂਲ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, 7 ਅਧਿਆਪਕਾਂ ਦੀ ਮੌਤ
Friday, May 05, 2023 - 05:24 AM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦੀ ਉੱਪਰੀ ਕੁਰਮ ਤਹਿਸੀਲ ’ਚ ਵੀਰਵਾਰ ਨੂੰ ਅੱਤਵਾਦੀਆਂ ਨੇ ਇਕ ਸਕੂਲ ’ਚ ਤਾਬੜਤੋੜ ਗੋਲ਼ੀਆਂ ਚਲਾਈਆਂ। ਇਸ ਗੋਲ਼ੀਬਾਰੀ ’ਚ 7 ਅਧਿਆਪਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸਥਾਨਕ ਪੁਲਸ ਨੇ ਦੱਸਿਆ ਕਿ ਤਹਿਸੀਲ ਦੇ ਹਾਈ ਸਕੂਲ ਦੇ ਸਟਾਫ ਰੂਮ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ 7 ਅਧਿਆਪਕਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤੀ। ਦਿ ਨਿਊਜ਼ ਨੇ ਦੱਸਿਆ ਕਿ ਅਧਿਆਪਕ ਆਪਣੀ ਪ੍ਰੀਖਿਆ ਡਿਊਟੀ ਨਿਭਾਉਣ ਲਈ ਇਮਾਰਤ ’ਚ ਸਨ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਇਸੇ ਇਲਾਕੇ ਵਿਚ ਵਾਪਰੀ ਇਕ ਹੋਰ ਘਟਨਾ ਵਿਚ ਚੱਲਦੀ ਗੱਡੀ ਵਿਚ ਇਕ ਅਧਿਆਪਕ ਦੀ ਮੌਤ ਹੋ ਗਈ, ਜਿਸ ਨਾਲ ਇਕ ਦਿਨ ਵਿਚ ਮਰਨ ਵਾਲੇ ਅਧਿਆਪਕਾਂ ਦੀ ਕੁੱਲ ਗਿਣਤੀ 8 ਹੋ ਗਈ ਹੈ। ਦਿ ਨਿਊਜ਼ ਨੇ ਦੱਸਿਆ ਕਿ ਪੁਲਸ ਕਾਤਲਾਂ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਸੁਰਾਗ ਨਹੀਂ ਲਗਾ ਸਕੀ ਹੈ।
ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ’ਚ ਵੀਰਵਾਰ ਨੂੰ ਅੱਤਵਾਦੀਆਂ ਨਾਲ ਹੋਈ 'ਭਿਆਨਕ ਗੋਲ਼ੀਬਾਰੀ' ਵਿਚ 6 ਫੌਜੀ ਮਾਰੇ ਗਏ। ਫੌਜ ਨੇ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਟੇਟ ਪਬਲਿਕ ਰਿਲੇਸ਼ਨ (ਆਈ.ਐੱਸ.ਪੀ.ਆਰ.) ਨੇ ਇਕ ਬਿਆਨ ’ਚ ਕਿਹਾ ਕਿ ਗੋਲ਼ੀਬਾਰੀ ਉੱਤਰੀ ਵਜ਼ੀਰਿਸਤਾਨ ਦੇ ਦੀਰ ਦੁਨੀ ਇਲਾਕੇ ’ਚ ਹੋਈ।
ਬਿਆਨ ’ਚ ਕਿਹਾ ਗਿਆ ਹੈ ਕਿ 'ਜ਼ਬਰਦਸਤ ਗੋਲੀਬਾਰੀ' ਵਿਚ ਛੇ ਫ਼ੌਜੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਅੱਤਵਾਦੀ ਮਾਰੇ ਗਏ। ਆਈ.ਐੱਸ.ਪੀ.ਆਰ. ਨੇ ਕਿਹਾ, "ਖੇਤਰ ਵਿਚ ਲੁਕੇ ਹੋਏ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਆਪਰੇਸ਼ਨ ਜਾਰੀ ਹੈ। ਪਾਕਿਸਤਾਨ ਦੇ ਸੁਰੱਖਿਆ ਬਲ ਅੱਤਵਾਦ ਦੇ ਖ਼ਤਰੇ ਨੂੰ ਖਤਮ ਕਰਨ ਲਈ ਦ੍ਰਿੜ੍ਹ ਹਨ ਅਤੇ ਬਹਾਦਰ ਫ਼ੌਜੀਆਂ ਦੀਆਂ ਕੁਰਬਾਨੀਆਂ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੀਆਂ ਹਨ।’’