ਕਸ਼ਮੀਰ ਮੁੱਦੇ 'ਤੇ ਸਾਊਦੀ ਖਿਲਾਫ਼ ਟਿੱਪਣੀ ਕਰ ਫਸੇ ਕੁਰੈਸ਼ੀ, ਘਰ 'ਚ ਹੀ ਪਈ ਝਾੜ
Monday, Aug 10, 2020 - 03:56 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਕਸ਼ਮੀਰ ਮੁੱਦੇ 'ਤੇ ਭਾਰਤ ਖਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦਾ। ਪਰ ਇਸ ਵਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕਸ਼ਮੀਰ ਮੁੱਦੇ ਨੂੰ ਲੈ ਕੇ ਸਾਊਦੀ ਅਰਬ ਦੇ ਖਿਲਾਫ਼ ਟਿੱਪਣੀ ਕਰ ਆਪਣੇ ਹੀ ਦੇਸ਼ ਵਿਚ ਘਿਰ ਗਏ ਹਨ। ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਵਿਚ ਦੂਰੀ ਹੁਣ ਦੁਨੀਆ ਨੂੰ ਵੀ ਨਜ਼ਰ ਆਉਣ ਲੱਗੀ ਹੈ। ਇਸ ਦੀ ਉਦਾਹਰਨ ਉਦੋਂ ਸਾਹਮਣੇ ਆਈ ਜਦੋਂ ਪਾਕਿਸਤਾਨ ਨੂੰ ਸਾਊਦੀ ਅਰਬ ਨੂੰ ਇਕ ਅਰਬ ਡਾਲਰ (ਲੱਗਭਗ 7500 ਕਰੋੜ ਰੁਪਏ) ਦਾ ਭੁਗਤਾਨ ਕਰਨਾ ਪਿਆ। ਅਸਲ ਵਿਚ ਇਸ ਦੇ ਲਈ ਸਾਊਦੀ ਦੇ ਖਿਲਾਫ਼ ਕੁਰੈਸ਼ੀ ਦੀ ਸਖਤ ਟਿੱਪਣੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।ਸਾਊਦੀ ਵੱਲੋਂ ਪਾਕਿਸਤਾਨ ਤੋਂ ਕਰਜ਼ ਵਾਪਸੀ ਦੇ ਫੈਸਲੇ ਦੇ ਬਾਅਦ ਇਸਲਾਮਾਬਾਦ ਹੌਲੀ-ਹੌਲੀ ਹੋਰ ਮੁਸਲਿਮ ਦੇਸ਼ਾਂ ਦਾ ਵੀ ਸਮਰਥਨ ਗਵਾਉਂਦਾ ਨਜ਼ਰ ਆ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ਵਿਚ ਦੋ ਪਾਕਿਸਤਾਨੀ ਪੱਤਰਕਾਰਾਂ ਰਊਫ ਕਲਾਸਰਾ ਅਤੇ ਅਮੀਰ ਮਤੀਮ ਨੇ ਪਾਕਿਸਤਾਨ ਦੇ ਪ੍ਰਤੀ ਸਾਊਦੀ ਅਰਬ ਦੇ ਰਵੱਈਏ ਵਿਚ ਆਈ ਅਚਾਨਕ ਤਬਦੀਲੀ 'ਤੇ ਚਰਚਾ ਕੀਤੀ। ਮਤੀਮ ਨੇ ਇਸ ਤਰ੍ਹਾਂ ਦਾ ਬਿਆਨ ਦੇਣ ਦੇ ਲਈ ਕੁਰੈਸ਼ੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਕਦੇ-ਕਦੇ ਭਾਵਨਾਤਮਕ ਰੂਪ ਨਾਲ ਬੋਲਦੇ ਹਨ ਅਤੇ ਮਾਮਲੇ ਨੂੰ ਬਹੁਤ ਦੂਰ ਤਕ ਲਿਜਾਂਦੇ ਹਨ। ਉਹਨਾਂ ਨੇ ਕਿਹਾ ਕਿ ਵਿੱਤੀ ਸੰਕਟ ਵਿਚ ਸਾਊਦੀ ਅਰਬ ਹੀ ਪਾਕਿਸਤਾਨ ਦਾ ਇਕੋਇਕ ਸਹਾਰਾ ਹੈ, ਅਜਿਹੇ ਵਿਚ ਕੁਰੈਸ਼ੀ ਨੂੰ ਉਸ ਦੇ ਖਿਲਾਫ਼ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਮਤੀਮ ਨੇ ਕਿਹਾ ਕਿ ਇਹ ਆਸ ਨਹੀਂ ਕੀਤੀ ਜਾਣੀ ਚਾਹੀਦੀ ਕਿ ਕਿਉਂਕਿ ਸਾਊਦੀ ਅਰਬ ਪਾਕਿਸਤਾਨ ਦਾ ਦੋਸਤ ਹੈ ਇਸ ਲਈ ਉਹ ਕਸ਼ਮੀਰ 'ਤੇ ਵੀ ਉਸੇ ਤਰ੍ਹਾਂ ਦਾ ਰਵੱਈਆ ਵਰਤੇਗਾ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਇਕ ਕਾਲਜ ਨਹੀਂ ਸਗੋਂ ਅੰਤਰਰਾਸ਼ਟਰੀ ਖੇਤਰ ਹੈ।
ਇਸ ਟਿੱਪਣੀ 'ਤੇ ਫਸੇ ਕੁਰੈਸ਼ੀ
ਕੁਝ ਦਿਨ ਪਹਿਲਾਂ ਕੁਰੈਸ਼ੀ ਨੇਕਿਹਾ ਸੀ ਕਿ ਕਸ਼ਮੀਰ ਮੁੱਦੇ 'ਤੇ ਸਾਊਦੀ ਅਰਬ ਨੇ ਓ.ਆਈ.ਸੀ. ਦੇ ਵਿਦੇਸ਼ ਮੰਤਰੀਆਂ ਦੀ ਐਮਰਜੈਂਸੀ ਬੈਠਕ ਨਹੀਂ ਬੁਲਾਈ ਤਾਂ ਪਾਕਿਸਤਾਨ ਖੁਦ ਇਹ ਬੈਠਕ ਬੁਲਾ ਸਕਦਾ ਹੈ। ਉਹਨਾਂ ਨੇ ਕਿਹਾ,''ਜੇਕਰ ਸਾਊਦੀ ਅਰਬ ਬੈਠਕ ਨਹੀਂ ਬੁਲਾਉਂਦਾ ਹੈ ਤਾਂ ਮੈਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਅਪੀਲ ਕਰਨ ਲਈ ਮਜਬੂਰ ਹੋ ਜਾਵਾਂਗ ਕਿ ਉਹ ਖੁਦ ਉਹਨਾਂ ਇਸਲਾਮਿਕ ਦੇਸ਼ਾਂ ਦੀ ਬੈਠਕ ਬੁਲਾਉਣ ਜੋ ਕਸ਼ਮੀਰ ਮੁੱਦੇ 'ਤੇ ਸਾਡੇ ਨਾਲ ਹਨ।''
ਮਦਦ ਲਈ ਦੋਸਤ ਚੀਨ ਤੋਂ ਆਸ
ਕਰਜ਼ ਪੈਕੇਜ ਦੇ ਤਹਿਤ ਪਾਕਿਸਤਾਨ ਲਈ 3.2 ਅਰਬ ਡਾਲਰ (ਕਰੀਬ 24 ਹਜ਼ਾਰ ਕਰੋੜ ਰੁਪਏ) ਦਾ ਤੇਲ ਉਧਾਰ ਦੇਣ ਦੀ ਵਿਵਸਥਾ ਕੀਤੀ ਗਈ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ਵਿਵਸਥਾ ਦੀ ਮਿਆਦ ਦੋ ਮਹੀਨੇ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਇਸ ਦਾ ਹੁਣ ਤੱਕ ਨਵੀਨੀਕਰਨ ਨਹੀਂ ਹੋਇਆ ਹੈ। ਪਾਕਿਸਤਾਨ ਨੇ ਚੀਨ ਤੋਂ ਉਧਾਰ ਲੈ ਕੇ ਸਾਊਦੀ ਅਰਬ ਤੋਂ ਲਏ ਕਰਜ਼ ਵਿਚੋਂ ਇਕ ਅਰਬ ਡਾਲਰ ਦੀ ਕਿਸਤ ਸਮੇਂ ਤੋਂ ਚਾਰ ਮਹੀਨੇ ਪਹਿਲਾਂ ਹੀ ਚੁਕਾ ਦਿੱਤੀ ਹੈ। ਪਰ ਬਾਕੀ ਕਰਜ਼ ਚੁਕਾਉਣ ਲਈ ਵੀ ਉਹ ਚੀਨ ਦਾ ਸਾਥ ਪਾਉਣਾ ਚਾਹੁੰਦਾ ਹੈ।