ਪਾਕਿ ਵੱਲੋਂ ਮਦਦ ਦੇ ਨਾਮ 'ਤੇ ਤੁਰਕੀ ਨਾਲ ਮਜ਼ਾਕ! ਮੁਸ਼ਕਲ ਸਮੇਂ ਮਿਲੀ ਜਿਹੜੀ ਰਾਹਤ ਸਮਗੱਰੀ, ਉਹੀ ਭੇਜੀ ਵਾਪਸ

02/19/2023 11:08:05 AM

ਇੰਟਰਨੈਸ਼ਨਲ ਡੈਸਕ (ਬਿਊਰੋ) : ਪਾਕਿਸਤਾਨ ਦੇ ਇਕ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਸ਼ਾਹਬਾਜ਼ ਸਰਕਾਰ ਵੱਲੋਂ ਤੁਰਕੀ ਨੂੰ ਮਦਦ ਦੇਣ ਨਾਮ 'ਤੇ ਉਸ ਨਾਲ ਮਜ਼ਾਕ ਕੀਤਾ ਗਿਆ ਹੈ। ਦਰਅਸਲ ਵਿਦੇਸ਼ੀ ਕਰਜ਼ੇ ਅਤੇ ਫੰਡਾਂ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੇ ਭੂਚਾਲ ਪ੍ਰਭਾਵਿਤ ਤੁਰਕੀ ਨੂੰ ਹੋਰ ਦੇਸ਼ਾਂ ਦੀ ਦੇਖ-ਰੇਖ 'ਚ ਰਾਹਤ ਸਮੱਗਰੀ ਭੇਜੀ ਹੈ ਪਰ ਹੁਣ ਉਸ ਰਾਹਤ ਸਮੱਗਰੀ ਬਾਰੇ ਜੋ ਖੁਲਾਸਾ ਹੋਇਆ ਹੈ, ਉਸ ਨੇ ਪਾਕਿਸਤਾਨ ਨੂੰ ਇਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਸ਼ਰਮਸਾਰ ਕਰ ਦਿੱਤਾ ਹੈ। ਪਾਕਿਸਤਾਨ ਨੇ ਭਿਆਨਕ ਭੂਚਾਲ ਦਾ ਸ਼ਿਕਾਰ ਹੋਏ ਤੁਰਕੀ ਨੂੰ ਜਿਹੜੀ ਮਦਦ ਭੇਜੀ, ਅਸਲ ਵਿੱਚ ਇਹ ਉਹੀ ਰਾਹਤ ਸਮੱਗਰੀ ਹੈ ਜੋ ਪਿਛਲੇ ਸਾਲ ਪਾਕਿਸਤਾਨ ਵਿਚ ਆਏ ਭਿਆਨਕ ਹੜ੍ਹ ਦੌਰਾਨ ਤੁਰਕੀ ਵੱਲੋਂ ਮਦਦ ਦੇ ਤੌਰ 'ਤੇ ਭੇਜੀ ਗਈ ਸੀ।

ਹਾਲ ਹੀ ਵਿੱਚ ਪਾਕਿਸਤਾਨ ਨੇ ਰਾਹਤ ਸਮੱਗਰੀ ਅਤੇ ਖੋਜ ਅਤੇ ਬਚਾਅ ਕਰਮਚਾਰੀਆਂ ਦੇ ਨਾਲ ਸੀ-130 ਜਹਾਜ਼ ਤੁਰਕੀ ਦੇ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਸੀ। ਹੁਣ ਪਾਕਿਸਤਾਨ ਸਥਿਤ ਪੱਤਰਕਾਰ ਸ਼ਾਹਿਦ ਮਸੂਦ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਨੂੰ ਪਾਕਿਸਤਾਨ ਤੋਂ ਉਹੀ ਮਦਦ ਮਿਲੀ ਜੋ ਉਸ ਨੇ ਹੜ੍ਹ ਦੌਰਾਨ ਇਸਲਾਮਾਬਾਦ ਨੂੰ ਭੇਜੀ ਸੀ। ਉਸ ਨੇ ਪਾਕਿਸਤਾਨ ਸਥਿਤ ਜੀਐਨਐਨ ਨਿਊਜ਼ ਚੈਨਲ 'ਤੇ ਇਹ ਧਮਾਕੇਦਾਰ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਉਸੇ ਰਾਹਤ ਸਮੱਗਰੀ ਨੂੰ ਦੁਬਾਰਾ ਪੈਕ ਕੀਤਾ ਅਤੇ ਭੂਚਾਲ ਸਹਾਇਤਾ ਦੇ ਨਾਂ 'ਤੇ ਵਾਪਸ ਤੁਰਕੀ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੁਰਕੀ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ। ਅਜਿਹੇ 'ਚ ਅਜਿਹਾ ਹੋਣਾ ਸ਼ਰਮਨਾਕ ਹੈ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਚੱਕਰਵਾਤੀ ਤੂਫਾਨ ਦਾ ਕਹਿਰ ਜਾਰੀ, 11 ਲੋਕਾਂ ਦੀ ਮੌਤ ਤੇ ਕਈ ਲਾਪਤਾ

ਦੁਨੀਆ ਭਰ ਤੋਂ ਤੁਰਕੀ ਲਈ ਮਦਦ 

ਤੁਹਾਨੂੰ ਦੱਸ ਦੇਈਏ ਕਿ 11 ਦਿਨ ਪਹਿਲਾਂ ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਵਿੱਚ 45,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਇਸ ਭੂਚਾਲ ਵਿੱਚ ਲਗਭਗ 2,64,000 ਅਪਾਰਟਮੈਂਟ ਤਬਾਹ ਹੋ ਗਏ ਸਨ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਦੀ ਮਾਰ ਝੱਲ ਰਹੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ ਕਈ ਦੇਸ਼ ਅੱਗੇ ਆਏ ਹਨ। ਮੈਡੀਕਲ ਟੀਮ ਦੇ ਨਾਲ ਭਾਰਤ ਨੇ ਵੀ NDRF ਟੀਮਾਂ ਤੁਰਕੀ ਭੇਜੀਆਂ ਹਨ, ਜਦੋਂ ਕਿ ਹੋਰ ਦੇਸ਼ਾਂ ਨੇ ਮਦਦ ਭੇਜੀ ਹੈ। ਵਿਸ਼ਵ ਬੈਂਕ ਨੇ ਤੁਰਕੀ ਨੂੰ 1.78 ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਤੁਰਕੀ ਅਤੇ ਸੀਰੀਆ ਦੀ ਮਦਦ ਲਈ 85 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News