ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 1,800 ਮੀਟ੍ਰਿਕ ਟਨ ਕਣਕ ਦਿੱਤੀ

Friday, Dec 31, 2021 - 12:39 PM (IST)

ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ 1,800 ਮੀਟ੍ਰਿਕ ਟਨ ਕਣਕ ਦਿੱਤੀ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਮਨੁੱਖੀ ਸਹਾਇਤਾ ਪੈਕੇਜ ਦੇ ਤਹਿਤ 1,800 ਮੀਟ੍ਰਿਕ ਟਨ ਕਣਕ ਦੀ ਪਹਿਲੀ ਖੇਪ ਜੰਗ ਪ੍ਰਭਾਵਿਤ ਗੁਆਂਢੀ ਦੇਸ਼ ਅਫ਼ਗਾਨਿਸਤਾਨ ਪਹੁੰਚ ਗਈ ਹੈ। ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ, 'ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਹਿਜ਼ਾਦ ਅਰਬਾਬ ਨੇ 1800 ਮੀਟ੍ਰਿਕ ਟਨ ਕਣਕ ਦੀ ਪਹਿਲੀ ਖੇਪ ਅਫ਼ਗਾਨਿਸਤਾਨ ਨੂੰ ਸੌਂਪੀ।' ਵਿਦੇਸ਼ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫ਼ਗਾਨਿਸਤਾਨ ਲਈ 5 ਅਰਬ ਪਾਕਿਸਤਾਨੀ ਰੁਪਏ ਦੇ ਮਨੁੱਖੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਸੀ, ਜਿਸ ਵਿਚ 50,000 ਮੀਟ੍ਰਿਕ ਟਨ ਕਣਕ, ਐਮਰਜੈਂਸੀ ਮੈਡੀਕਲ ਸਪਲਾਈ ਸ਼ਾਮਲ ਹੈ।

ਅਫ਼ਗਾਨਿਸਤਾਨ ਨੂੰ ਭੇਜੀ ਜਾਣ ਵਾਲੀ ਕਣਕ ਦੀ ਆਵਾਜਾਈ ਨੂੰ ਲੈ ਪਾਕਿਸਤਾਨ ਅਤੇ ਭਾਰਤ ਦੇ ਇਕ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਦਿਸ਼ਾ ਵੱਲ ਵਧਣ ਦੇ ਬਾਅਦ ਇਹ ਖੇਪ ਭੇਜੀ ਗਈ ਹੈ। ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਅਫਗਾਨ ਠੇਕੇਦਾਰਾਂ ਅਤੇ ਟਰੱਕ ਡਰਾਈਵਰਾਂ ਦੀ ਇਕ ਸੂਚੀ ਸੌਂਪ ਦਿੱਤੀ ਹੈ, ਜੋ ਮਨੁੱਖੀ ਸਹਾਇਤਾ ਵਜੋਂ 50,000 ਮੀਟ੍ਰਿਕ ਟਨ ਕਣਕ ਦੀ ਭਾਰਤੀ ਖੇਪ ਅਫ਼ਗਾਨਿਸਤਾਨ ਪਹੁੰਚਾਉਣਗੇ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਦੀ ਇਕ ਰਿਪੋਰਟ ਅਨੁਸਾਰ ਦੋਵੇਂ ਦੇਸ਼ ਤੌਰ-ਤਰੀਕਿਆਂ 'ਤੇ ਸਹਿਮਤ ਹੋ ਗਏ ਹਨ ਅਤੇ ਪਾਕਿਸਤਾਨ ਵੱਲੋਂ ਅਫ਼ਗਾਨ ਠੇਕੇਦਾਰਾਂ ਅਤੇ ਡਰਾਈਵਰਾਂ ਦੀ ਸੂਚੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਕਣਕ ਦੀ ਢੋਆ-ਢੁਆਈ ਸ਼ੁਰੂ ਹੋ ਜਾਵੇਗੀ।


author

cherry

Content Editor

Related News