ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਗਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ''ਚ ਹੋਣਗੇ ਸ਼ਾਮਲ
Saturday, Sep 16, 2017 - 03:22 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਗਲੇ ਹਫਤੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੇ 72ਵੇਂ ਸੈਸ਼ਨ 'ਚ ਦੇਸ਼ ਦੇ ਪ੍ਰਤੀਨਿਧੀਮੰਡਲ ਦੀ ਅਗਵਾਈ ਕਰਨਗੇ। ਅਮਰੀਕਾ ਦੇ ਸਦਰ ਡੋਨਾਲਡ ਟਰੰਪ ਨੇ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆ ਕਰਵਾਉਣ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ, ਜਿਸ ਤੋਂ ਬਾਅਦ ਮਹਾਸਭਾ ਦੇ ਸੈਸ਼ਨ 'ਚ ਸ਼ਾਮਲ ਹੋਣ ਲਈ ਅੱਬਾਸੀ ਦੀ ਅਮਰੀਕੀ ਯਾਤਰਾ ਨਾ ਸਿਰਫ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਦੀ ਪਹਿਲੀ ਯਾਤਰਾ ਹੈ, ਸਗੋਂ ਪਾਕਿਸਤਾਨ ਵਲੋਂ ਅਮਰੀਕਾ ਦੀ ਪਹਿਲੀ ਉੱਚ ਪੱਧਰੀ ਯਾਤਰਾ ਹੈ। ਵਿਦੇਸ਼ ਦਫਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਹਾਸਭਾ ਸੈਸ਼ਨ ਤੋਂ ਬਾਅਦ ਕਈ ਵਿਸ਼ਵ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨਾਲ ਦੋ ਪੱਖੀ ਮੀਟਿੰਗ ਕਰਨਗੇ।
ਉਸ ਨੇ ਦੱਸਿਆ ਕਿ ਅੱਬਾਸੀ ਵਿਦੇਸ਼ ਸਬੰਧਾਂ ਦੀ ਕੌਂਸਲ ਨੂੰ ਸੰਬੋਧਿਤ ਕਰਨਗੇ ਅਤੇ ਅਮਰੀਕਾ ਪਾਕਿਸਤਾਨ ਵਪਾਰ ਕੌਂਸਲ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਬਿਆਨ 'ਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਕੌਮਾਂਤਰੀ ਮੀਡੀਆ ਨਾਲ ਵਿਸਥਾਰ ਪੂਰਵਕ ਗੱਲਬਾਤ ਵੀ ਕਰਨਗੇ। ਸੋਮਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਤੋਂ ਇਲਾਵਾ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਜੀ-77, ਆਰਥਿਕ ਸਹਿਯੋਗ ਸੰਗਠਨ, ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਗਠਨ (ਦਕਸ਼ੇਸ), ਰਾਸ਼ਟਰਮੰਡਲ, ਡਿਵੈਲਪਿੰਗ-8 ਅਤੇ ਹੋਰ ਕਈ ਖੇਤਰੀ ਅਤੇ ਉਪ ਖੇਤਰੀ ਸੰਗਠਨਾਂ ਦੀ ਮੰਤਰੀ ਪੱਧਰੀ ਮੀਟਿੰਗ ਵੀ ਹੋਵੇਗੀ।
ਵਿਦੇਸ਼ ਦਫਤਰ ਨੇ ਕਿਹਾ ਕਿ ਜੰਮੂ-ਕਸ਼ਮੀਰ 'ਤੇ ਓ.ਆਈ.ਸੀ. ਸੰਪਰਕ ਸਮੂਹ ਦੀ ਮੀਟਿੰਗ ਵੀ ਹੋਵੇਗੀ। ਉਸ ਨੇ ਕਿਹਾ, ਪਾਕਿਸਤਾਨ ਬਹੁਲਵਾਦ ਦਾ ਵੱਡਾ ਹਮਾਇਤੀ ਹੈ ਅਤੇ ਸੰਸਾਰਕ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਦੀਆਂ ਬਹੁਆਯਾਮੀ ਚੁਣੌਤੀਆਂ ਦਾ ਮਿਲ-ਜੁਲ ਕੇ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ ਦੇ ਕਦਮਾਂ ਦੀ ਹਮਾਇਤ ਕਰਦਾ ਹੈ। ਵਿਦੇਸ਼ ਦਫਤਰ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ, ਸੁਰੱਖਿਆ ਕੌਂਸਲ 'ਚ ਸੁਧਾਰਾਂ, ਅੱਤਵਾਦ ਵਿਰੋਧੀ, ਮਨੁੱਖੀ ਅਧਿਕਾਰਾਂ, ਸ਼ਾਂਤੀ ਰੱਖਿਆ ਅਤੇ ਵਿਕਾਸਸ਼ੀਲ ਤੇ ਹੋਰ ਮਹੱਤਵਪੂਰਨ ਮੁੱਦਿਆਂ ਸਮੇਤ ਸਾਡੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਅਤੇ ਉਸ ਦਾ ਪ੍ਰਚਾਰ ਕਰਨ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ 'ਚ ਰਚਨਾਤਮਕ ਭੂਮਿਕਾ ਨਿਭਾਉਂਦੇ ਰਹਿਣਗੇ। ਮਹਾਸਭਾ ਦੇ ਸਾਲਾਨਾ ਸੈਸ਼ਨ ਦੀ ਖਾਸ ਮਹੱਤਤਾ ਹੁੰਦੀ ਹੈ ਕਿਉਂਕਿ ਵੱਡੀ ਗਿਣਤੀ 'ਚ ਦੇਸ਼ ਅਤੇ ਸਰਕਾਰਾਂ ਦੇ ਮੁਖੀ ਇਸ 'ਚ ਹਿੱਸਾ ਲੈਂਦੇ ਹਨ।