ਪਾਕਿਸਤਾਨੀ ਸੰਸਦ ਨੇ MPs ਨੂੰ ਅਯੋਗ ਠਹਿਰਾਏ ਜਾਣ ਦੀ ਮਿਆਦ ਕੀਤੀ ਸੀਮਤ
Monday, Jun 26, 2023 - 01:50 AM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਐਤਵਾਰ ਨੂੰ ਸੰਸਦ ਮੈਂਬਰਾਂ ਦੀ ਅਯੋਗਤਾ ਦੀ ਮਿਆਦ ਨੂੰ ਉਮਰ ਭਰ ਤੋਂ 5 ਸਾਲ ਤੱਕ ਸੀਮਤ ਕਰਨ ਲਈ ਇਕ ਬਿੱਲ ਪਾਸ ਕਰ ਦਿੱਤਾ ਹੈ। ਇਸ ਨਾਲ ਹੋਣ ਵਾਲੀਆਂ ਆਮ ਚੋਣਾਂ ’ਚ ਨਵਾਜ਼ ਸ਼ਰੀਫ਼ ਲਈ ਸਰਗਰਮ ਰਾਜਨੀਤੀ ’ਚ ਵਾਪਸੀ ਦਾ ਰਾਹ ਸਾਫ਼ ਹੋ ਸਕਦਾ ਹੈ, ਉਹ ਲੰਡਨ ਤੋਂ ਵਾਪਸ ਘਰ ਆ ਸਕਦੇ ਹਨ।
ਸੁਪਰੀਮ ਕੋਰਟ ਨੇ ਸਾਲ 2017 ’ਚ ਨਵਾਜ਼ ਸ਼ਰੀਫ਼ (73) ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅਯੋਗ ਕਰਾਰ ਦਿੱਤਾ ਸੀ। ਸਾਲ 2018 ’ਚ ‘ਪਨਾਮਾ ਪੇਪਰਸ’ ਮਾਮਲੇ ’ਚ ਸੁਪਰੀਮ ਕੋਰਟ ਨੇ ਨਵਾਜ਼ ਨੂੰ ਉਮਰ ਭਰ ਲਈ ਜਨਤਕ ਅਹੁਦਾ ਸੰਭਾਲਣ ਤੋਂ ਅਯੋਗ ਕਰਾਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਵਿਚ ‘ਮਾਨਸੂਨ’ ਦੀ ਦਸਤਕ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ ਕਦੋਂ ਵਰ੍ਹੇਗਾ ਮੀਂਹ
ਚੋਣ (ਸੋਧ) ਬਿੱਲ 2023 ਦਾ ਮਕਸਦ ਸੰਸਦ ਮੈਂਬਰਾਂ ਦੀ ਅਯੋਗਤਾ ਦੀ ਮਿਆਦ ਨੂੰ ਘੱਟ ਕਰਨ ਤੋਂ ਇਲਾਵਾ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਨੂੰ ਰਾਸ਼ਟਰਪਤੀ ਨਾਲ ਸਲਾਹ ਕੀਤੇ ਬਿਨਾਂ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰਨ ਦਾ ਅਧਿਕਾਰ ਦੇਣਾ ਵੀ ਹੈ। ਇਸ ਬਿੱਲ ਨੂੰ ਉੱਪਰਲੇ ਸਦਨ (ਸੈਨੇਟ) ਨੇ 16 ਜੂਨ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ। ਕਾਨੂੰਨ ਬਣਨ ਲਈ ਬਿੱਲ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਇਕ ਸੰਚਾਲਕ ਪਿਸਤੌਲ ਸਣੇ ਕਾਬੂ
ਜੀਓ ਨਿਊਜ਼ ਦੀ ਖ਼ਬਰ ਅਨੁਸਾਰ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਸਮਰਥਿਤ ਰਾਸ਼ਟਰਪਤੀ ਆਰਿਫ਼ ਅਲਵੀ ਹੱਜ ਕਰਨ ਲਈ ਦੇਸ਼ ਤੋਂ ਬਾਹਰ ਹਨ, ਇਸ ਲਈ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਹੈ ਅਤੇ ਉਹ ਬਿਨਾਂ ਸਮਾਂ ਬਰਬਾਦ ਕੀਤੇ ਬਿੱਲ ਨੂੰ ਮਨਜ਼ੂਰੀ ਦੇਣਗੇ।