ਅੱਤਵਾਦ ’ਤੇ ਭਾਰਤ ਨਾਲ ਸਾਂਝੇ ਬਿਆਨ ਲਈ ਪਾਕਿ ਨੇ ਅਮਰੀਕਾ ਦੇ ਸਾਹਮਣੇ ਇਤਰਾਜ਼ ਪ੍ਰਗਟਾਇਆ

06/28/2023 3:01:47 PM

ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਨੇ ਸਰਹੱਦ ਪਾਰ ਅੱਤਵਾਦ ਵਿਚ ਅਾਪਣੀ ਸ਼ਮੂਲੀਅਤ ਨੂੰ ਲੈ ਕੇ ਭਾਰਤ ਨਾਲ ਦਿੱਤੇ ਸਾਂਝੇ ਬਿਆਨ ’ਤੇ ਅਮਰੀਕਾ ਦੇ ਸਾਹਮਣੇ ਰਸਮੀ ਤੌਰ ’ਤੇ ਇਤਰਾਜ਼ ਦਰਜ ਕਰਵਾਇਆ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਰਾਤ ਨੂੰ ਜਾਰੀ ਇਕ ਬਿਅਾਨ ਵਿਚ ਕਿਹਾ ਕਿ ਅਮਰੀਕਾ ਦੇ ਮਿਸ਼ਨ ਉਪ ਮੁਖੀ ਨੂੰ ਸੋਮਵਾਰ ਸ਼ਾਮ ਵਿਦੇਸ਼ ਮੰਤਰਾਲਾ ਵਿਚ ਤਲਬ ਕੀਤਾ ਗਿਆ ਅਤੇ 22 ਜੂਨ ਨੂੰ ਜਾਰੀ ਅਮਰੀਕਾ-ਭਾਰਤ ਦੇ ਸਾਂਝੇ ਬਿਆਨ ਦੇ ਸੰਬੰਧ ਵਿਚ ਉਨ੍ਹਾਂ ‘ਡੇਮਾਰਸ਼’ (ਇਤਰਾਜ਼ ਪੱਤਰ) ਜਾਰੀ ਕੀਤਾ।

ਉਸ ਨੇ ਕਿਹਾ ਕਿ ਸਾਂਝੇ ਬਿਆਨ ਵਿਚ ਪਾਕਿਸਤਾਨ ਨੂੰ ਲੈ ਕੇ ਅਣਉਚਿੱਤ, ਇਕ-ਪੱਖੀ ਅਤੇ ਭਰਮ ਵਾਲੇ ਸੰਦਰਭ ’ਤੇ ਉਸ ਦੀਆਂ ਚਿੰਤਾਵਾਂ ਅਤੇ ਨਿਰਾਸ਼ਾ ਤੋਂ ਅਮਰੀਕੀ ਪੱਖ ਨੂੰ ਜਾਣੂ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਆਮਣੇ-ਸਾਹਮਣੇ ਦੀਆਂ ਬੈਠਕਾਂ ਅਤੇ ਵਫਦ ਪੱਧਰ ਦੀ ਗੱਲਬਾਤ ਤੋਂ ਬਾਅਦ ਆਪਣੇ ਸਾਂਝੇ ਬਿਆਨ ਵਿਚ ਪਾਕਿਸਤਾਨ ਨੂੰ 26/11 ਦੇ ਮੁੰਬਈ ਹਮਲਿਆਂ ਅਤੇ ਪਠਾਨਕੋਟ ਹਮਲੇ ਦੇ ਅਪਰਾਧੀਆਂ ਨੂੰ ਸਜ਼ਾ ਦੇਣ ਦਾ ਸੱਦਾ ਦਿੱਤਾ ਸੀ। ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਤਵਾਦ ਨਾਲ ਨਜਿੱਠਣ ਵਿਚ ਕੋਈ ‘ਅਗਰ-ਮਗਰ’ ਨਹੀਂ ਹੋ ਸਕਦਾ।

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਸ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਲਈ ਚੀਨ ਦੇ ਦੌਰੇ 'ਤੇ (ਤਸਵੀਰਾਂ)

ਉਨ੍ਹਾਂ ਪਾਕਿਸਤਾਨ ’ਤੇ ਅਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਅੱਤਵਾਦ ਦੇ ਸਰਕਾਰੀ ਸਪਾਂਸਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ 9/11 ਦੇ ਹਮਲੇ ਦੇ 2 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਅਤੇ ਮੁੰਬਈ ਵਿਚ 26/11 ਅੱਤਵਾਦੀ ਹਮਲਿਆਂ ਦੇ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਵੀ ਅੱਤਵਾਦ ਪੂਰੀ ਦੁਨੀਆ ਲਈ ਡਰਾਉਣਾ ਖਤਰਾ ਬਣਿਆ ਹੋਇਆ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਅੱਤਵਾਦ ਰੋਕੂ ਸਹਿਯੋਗ ਚੰਗੀ ਤਰ੍ਹਾਂ ਵਧ ਰਿਹਾ ਹੈ ਅਤੇ ਪਾਕਿਸਤਾਨ-ਅਮਰੀਕਾ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਅਨੁਕੂਲ ਮਾਹੌਲ ਜ਼ਰੂਰੀ ਹੈ ਜੋ ਭਰੋਸਾ ਅਤੇ ਅਾਪਸੀ ਸਮਝ ’ਤੇ ਆਧਾਰਿਤ ਹੋਵੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News